ਗੁਰੂਸਰ ਸੁਧਾਰ, 21 ਜੁਲਾਈ (ਜਗਪਾਲ ਸਿੰਘ ਸਿਵੀਆਂ)-ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਪਾਲਿਸੀ ਖ਼ਿਲਾਫ਼ ਅੱਜ ਡੀ.ਸੀ. ਦਫ਼ਤਰ ਲੁਧਿਆਣਾ ਵਿਖੇ ਦਿੱਤੇ ਜਾਣ ਵਾਲੇ ਧਰਨੇ 'ਚ ਸ਼ਮੂਲੀਅਤ ਲਈ ਹਲਕਾ ਰਾਏਕੋਟ ਦੇ ਅਕਾਲੀ ਵਰਕਰਾਂ 'ਚ ਭਾਰੀ ਉਤਸ਼ਾਹ ਅਤੇ ਜੋਸ਼ ਦੀ ਲਹਿਰ ਦੇਖਣ ਨੂੰ ਮਿਲ ਰਹੀ ਹੈ | ਸੁਧਾਰ ਵਿਖੇ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਪ੍ਰਭਜੋਤ ਸਿੰਘ ਧਾਲੀਵਾਲ ਅਤੇ ਸੁਧਾਰ ਸਰਕਲ ਪ੍ਰਧਾਨ ਜਥੇਦਾਰ ਗੁਰਚੀਨ ਸਿੰਘ ਰੱਤੋਵਾਲ ਅਤੇ ਸਾਬਕਾ ਚੇਅਰਮੈਨ ਮਿਹਰ ਸਿੰਘ ਧਾਲੀਵਾਲ ਵਲੋਂ ਧਰਨੇ ਸੰਬੰਧੀ ਮੁਕੰਮਲ ਤਿਆਰੀਆਂ ਬਾਰੇ ਦੱਸਦਿਆਂ ਕਿਹਾ ਕਿ ਅੱਜ ਦੇ ਸ਼੍ਰੋਮਣੀ ਅਕਾਲੀ ਦਲ ਦੇ ਧਰਨੇ 'ਚ ਸ਼ਮੂਲੀਅਤ ਲਈ ਹਲਕਾ ਰਾਏਕੋਟ ਦਾ ਵੱਡਾ ਅਕਾਲੀ ਜੱਥਾ ਸਵੇਰੇ 9 ਵਜੇ ਗੁਰਦੁਆਰਾ ਪਾਤਿਸ਼ਾਹੀ ਛੇਵੀਂ ਗੁਰੂਸਰ ਸੁਧਾਰ ਤੋਂ ਰਵਾਨਾ ਹੋਵੇਗਾ | ਮੁੱਖ ਬੁਲਾਰੇ ਧਾਲੀਵਾਲ ਨੇ ਕਿਹਾ ਕਿ ਜ਼ਿਲ੍ਹਾ ਲੁਧਿਆਣਾ ਦੇ ਸਾਰੇ ਅਕਾਲੀ ਵਰਕਰ ਪੰਜਾਬ ਦੇ ਹੱਕਾਂ ਲਈ ਇਕਜੁੱਟ ਹੋ ਕੇ ਇਸ ਧਰਨੇ ਨੂੰ ਇਤਿਹਾਸਕ ਸਫ਼ਲਤਾ ਦਿਵਾਉਣ ਲਈ ਪੂਰੀ ਤਰ੍ਹਾਂ ਤਿਆਰ ਹਨ | ਉਨ੍ਹਾਂ ਕਿਹਾ ਕਿ ਦੇਸ਼ ਦੇ ਅੰਨਦਾਤੇ ਕਿਸਾਨਾਂ ਦੀਆਂ ਜ਼ਮੀਨਾਂ ਹਥਿਆਉਣ ਦੀ ਵਾਲੀ ਪੰਜਾਬ ਸਰਕਾਰ ਨੂੰ ਉਸ ਦੇ ਇਰਾਦਿਆਂ 'ਚ ਕਾਮਯਾਬ ਨਹੀਂ ਹੋਣ ਦਿੱਤਾ ਜਾਵੇਗਾ | ਇਸ ਮੌਕੇ ਗੈਰੀ ਸਹੌਲੀ, ਜਸ ਸਹੌਲੀ, ਜਸਦੀਪ ਸਿੰਘ ਆਦਿ ਹਾਜ਼ਰ ਸਨ |