ਭੂੰਦੜੀ, 20 ਜੁਲਾਈ (ਕੁਲਦੀਪ ਸਿੰਘ ਮਾਨ)-ਸਾਰੀ ਦੁਨੀਆਂ ਦਾ ਢਿੱਡ ਭਰਨ ਵਾਲੇ ਕਿਸਾਨਾਂ ਨੂੰ ਅੱਜ ਸਰਕਾਰਾਂ ਬੇਘਰ ਹੋਣ ਲਈ ਮਜ਼ਬੂਰ ਕਰ ਰਹੀਆਂ ਹਨ, ਕਿਉਂਕਿ ਲੈਂਡ ਪੂਲਿੰਗ ਨੀਤੀ ਲਿਆਉਣਾ ਕਿਸਾਨਾਂ ਨੂੰ ਜਿਊਾਦੇ ਜੀਅ ਮਾਰਨ ਬਰਾਬਰ ਹੈ | ਇੰਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਸਮਾਜ ਸੇਵੀ ਚੇਅਰਮੈਨ ਰਵੀ ਸਿੰਘ ਪੱਬੀਆਂ ਯੂ.ਐੱਸ.ਏ. ਤੋਂ ਵਿਸ਼ੇਸ਼ ਗੱਲਬਾਤ ਦੌਰਾਨ ਕਹੇ | ਉਨ੍ਹਾਂ ਕਿਹਾ ਕਿ ਜੇਕਰ ਕਿਸਾਨਾਂ ਦੀ ਜ਼ਮੀਨ ਹੀ ਨਾ ਰਹੀ ਤਾਂ ਉਹ ਕਿੱਧਰ ਨੂੰ ਜਾਣਗੇ | ਉਨ੍ਹਾਂ ਆਖਿਆ ਕਿ ਭਾਰਤ ਵਰਗੇ ਵੱਧ ਆਬਾਦੀ ਵਾਲੇ ਮੁਲਕ ਨੂੰ ਪੰਜਾਬ ਨੇ ਆਜ਼ਾਦੀ ਤੋਂ ਬਾਅਦ ਨਾ ਸਿਰਫ਼ ਖੁਰਾਕ ਸੰਕਟ 'ਚੋਂ ਬਾਹਰ ਕੱਢ ਕੇ ਘਰੇਲੂ ਜ਼ਰੂਰਤਾਂ ਦੀ ਪੂਰਤੀ ਕੀਤੀ, ਸਗੋਂ ਹਰੀ ਕ੍ਰਾਂਤੀ ਤੋਂ ਬਾਅਦ ਮੁਲਕ ਨੂੰ ਅੰਨ ਦਰਾਮਦ ਕਰਨ ਵਾਲੇ ਮੁਲਕ ਤੋਂ ਅੰਨ ਬਰਾਮਦ ਕਰਨ ਵਾਲਾ ਮੁਲਕ ਬਣਾ ਕੇ ਭਾਰਤ ਦੀ ਆਰਥਿਕ ਤਰੱਕੀ ਅਤੇ ਖੁਸ਼ਹਾਲੀ 'ਚ ਵੱਡਾ ਯੋਗਦਾਨ ਪਾਇਆ | ਅੱਜ-ਕੱਲ੍ਹ ਪੰਜਾਬ 'ਚ ਸ਼ਹਿਰੀ ਵਿਕਾਸ ਦੇ ਨਾਂਅ 'ਤੇ ਖੇਤੀ ਵਾਲੀ ਉਪਜਾਊ ਜ਼ਮੀਨ ਉੱਪਰ ਕਾਲੋਨੀਆਂ ਬਣਾਉਣ ਦੇ ਫ਼ੈਸਲੇ ਨੇ ਕਿਸਾਨੀ ਅਤੇ ਖੇਤੀ ਜਗਤ 'ਚ ਰੋਸ ਪੈਦਾ ਕਰ ਦਿੱਤਾ ਹੈ |