ਜਗਰਾਉਂ, 19 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਪੰਜਾਬ ਸਰਕਾਰ ਦੀ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਸਿਵਲ ਹਸਪਤਾਲ ਜਗਰਾਉਂ ਵਿਖੇ ਨਸ਼ੇ ਦੇ ਆਦੀਆਂ ਦਾ ਨਸ਼ਾ ਛੁਡਵਾਉਣ ਲਈ ਬਣੇ ਸਰਕਾਰੀ ਪੁਨਰਵਾਸ ਕੇਂਦਰ ਦਾ ਏ.ਡੀ.ਸੀ ਕੁਲਪ੍ਰੀਤ ਸਿੰਘ ਅਤੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਦੇ ਹਲਕਾ ਕੋਆਰਡੀਨਟਰ ਬਿਕਰਮਜੀਤ ਸਿੰਘ ਵਿੱਕੀ ਥਿੰਦ ਵਲੋਂ ਦੌਰਾ ਕੀਤਾ ਗਿਆ | ਇਸ ਮੌਕੇ ਏ.ਡੀ.ਸੀ ਕੁਲਪ੍ਰੀਤ ਸਿੰਘ ਨੇ ਕਿਹਾ ਪੰਜਾਬ ਸਰਕਾਰ ਨਸ਼ੇ ਦੇ ਆਦੀਆਂ ਨੂੰ ਨਸ਼ਾ ਛੁਡਵਾਉਣ ਤਤਪਰ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਜਿੱਥੇ ਪੁਨਰਵਾਸ ਕੇਂਦਰ ਵਿਚ ਦਾਿਖ਼ਲ ਨਸ਼ਿਆਂ ਦੇ ਆਦੀ ਮਰੀਜ਼ਾਂ ਨੂੰ ਦਵਾਈਆਂ ਦੇ ਕੇ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਉੱਥੇ ਪੁਨਰਵਾਸ ਕੇਂਦਰ ਵਿਚ ਮਰੀਜ਼ਾਂ ਦੀ ਹਰ ਰੋਜ਼ ਕੌਂਸਲਿੰਗ ਕੀਤੀ ਜਾਂਦੀ ਹੈ ਅਤੇ ਨਾਲ ਵਾਲੀਬਾਲ, ਫੁੱਟਬਾਲ ਅਤੇ ਜਿੰਮ ਦਾ ਵੀ ਪ੍ਰਬੰਧ ਹੈ | ਉਨ੍ਹਾਂ ਮਰੀਜ਼ਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਸ਼ੇ ਸਾਡਾ ਆਰਥਿਕ ਅਤੇ ਸਮਾਜਿਕ ਤੌਰ 'ਤੇ ਨੁਕਸਾਨ ਕਰਦੇ ਹਨ, ਇਸਦੇ ਨਾਲ ਹੀ ਸਾਡੇ ਸਰੀਰ ਨੂੰ ਖੋਖਲਾ ਕਰਦੇ ਹਨ ਜਿਸ ਨਾਲ ਅਸੀਂ ਕਈ ਬਿਮਾਰੀਆਂ ਦੀ ਗਿ੍ਫਤ ਵਿਚ ਆ ਜਾਂਦੇ ਹਾਂ | ਉਨ੍ਹਾਂ ਕਿਹਾ ਕਿ ਨਸ਼ੇ ਛੱਡਣ ਲਈ ਸਾਡੀ ਮਜ਼ਬੂਤ ਇੱਛਾ ਸ਼ਕਤੀ ਦਾ ਹੋਣਾ ਜ਼ਰੂਰੀ ਹੈ | ਇਸ ਮੌਕੇ ਉਨ੍ਹਾਂ ਪੁਨਰਵਾਸ ਕੇਂਦਰ ਦੇ ਡਾਕਟਰਾਂ ਤੋਂ ਵੀ ਚੱਲ ਰਹੇ ਪ੍ਰਬੰਧਾਂ ਸਬੰਧੀ ਜਾਣਕਾਰੀ ਲਈ | ਇਸ ਮੌਕੇ ਕੋਆਰਡੀਨੇਟਰ ਬਿਕਰਮਜੀਤ ਸਿੰਘ ਥਿੰਦ ਨੇ ਕਿਹਾ ਕਿ ਪੰਜਾਬ ਸਰਕਾਰ ਵਲੋਂ 'ਯੁੱਧ ਨਸ਼ਿਆਂ ਵਿਰੁੱਧ' ਮੁਹਿੰਮ ਤਹਿਤ ਜਿਥੇ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ ਉਥੇ ਸਰਕਾਰ ਨਸ਼ਿਆਂ ਦੇ ਆਦੀਆਂ ਦੇ ਇਲਾਜ ਲਈ ਵੀ ਯਤਨਸ਼ੀਲ ਹੈ | ਉਨ੍ਹਾਂ ਕਿਹਾ ਕਿ ਜਗਰਾਉਂ ਹਲਕੇ 'ਚ ਵਿਧਾਇਕਾ ਬੀਬੀ ਸਰਵਜੀਤ ਕੌਰ ਮਾਣੂੰਕੇ ਦੀ ਅਗਵਾਈ 'ਚ ਨਸ਼ਿਆਂ ਵਿਰੁੱਧ ਮੁਹਿੰਮ ਜ਼ੋਰਾਂ ਨਾਲ ਚੱਲ ਰਹੀ ਹੈ ਅਤੇ ਬੀਬੀ ਮਾਣੂੰਕੇ ਵਲੋਂ ਪਿੰਡ-ਪਿੰਡ ਤੇ ਸ਼ਹਿਰ ਦੇ ਵਾਰਡਾਂ 'ਚ ਨਸ਼ਿਆਂ ਵਿਰੁੱਧ ਯਾਤਰਾਵਾਂ ਕਰਕੇ ਲੋਕਾਂ ਨੂੰ ਨਸ਼ਿਆਂ ਵਿਰੁੱਧ ਸਹੁੰ ਚੁਕਾਈ ਗਈ ਹੈ | ਇਸ ਮੌਕੇ ਡਾ: ਅਮਨਦੀਪ ਕੌਰ ਨੇ ਦੱਸਿਆ ਕਿ ਇਸ ਪੁਨਰਵਾਸ ਕੇਂਦਰ ਵਿਚ 49 ਮਰੀਜ਼ ਦਾਖ਼ਲ ਹਨ ਜਿੰਨ੍ਹਾਂ ਨੂੰ ਦਵਾਈ ਦੇ ਕੇ ਉਨ੍ਹਾਂ ਦਾ ਇਲਾਜ ਕੀਤਾ ਜਾ ਰਿਹਾ ਹੈ | ਇਸ ਮੌਕੇ ਰੀਡਰ ਸੁਖਦੇਵ ਸ਼ੇਰਪੁਰੀ, ਜਸ਼ਨਪ੍ਰੀਤ ਸਿੰਘ ਪਟਵਾਰੀ ਆਦਿ ਹਾਜ਼ਰ ਸਨ |