ਗੁਰੂਸਰ ਸੁਧਾਰ, 19 ਜੁਲਾਈ (ਜਗਪਾਲ ਸਿੰਘ ਸਿਵੀਆਂ)-ਪੰਜਾਬ ਸਰਕਾਰ ਵਲੋਂ ਗਲਾਡਾ ਰਾਹੀਂ ਨਵੇਂ ਅਰਬਨ ਅਸਟੇਟ ਉਸਾਰਨ ਲਈ ਲੁਧਿਆਣਾ ਸ਼ਹਿਰ ਨੇੜਲੇ ਜ਼ਿਲ੍ਹੇ ਦੇ ਪਿੰਡਾਂ ਦੀ 24,311 ਏਕੜ ਜ਼ਮੀਨ ਦੀ ਲੈਂਡ ਪੂਲਿੰਗ ਨੀਤੀ ਖ਼ਿਲਾਫ਼ ਸ਼੍ਰੋਮਣੀ ਅਕਾਲੀ ਦਲ ਵਲੋਂ 22 ਜੁਲਾਈ ਨੂੰ ਡੀ.ਸੀ. ਦਫ਼ਤਰ ਲੁਧਿਆਣਾ ਵਿਖੇ ਦਿੱਤੇ ਜਾ ਰਹੇ ਧਰਨੇ 'ਚ ਸ਼ਮੂਲੀਅਤ ਲਈ ਹਲਕਾ ਰਾਏਕੋਟ ਤੋਂ ਵੱਡਾ ਅਕਾਲੀ ਜੱਥਾ ਐੱਸ.ਜੀ.ਪੀ.ਸੀ. ਮੈਂਬਰ ਜਥੇਦਾਰ ਜਗਜੀਤ ਸਿੰਘ ਤਲਵੰਡੀ ਅਤੇ ਯੂਥ ਅਕਾਲੀ ਦਲ ਦੇ ਮੁੱਖ ਬੁਲਾਰੇ ਪ੍ਰਭਜੋਤ ਸਿੰਘ ਧਾਲੀਵਾਲ ਦੀ ਅਗਵਾਈ ਹੇਠ 22 ਜੁਲਾਈ ਨੂੰ ਸਵੇਰੇ 9 ਵਜੇ ਗੁਰੂਸਰ ਸੁਧਾਰ ਤੋਂ ਰਵਾਨਾ ਹੋਵੇਗਾ | ਇਸ ਸੰਬੰਧੀ ਹੋਰ ਜਾਣਕਾਰੀ ਦਿੰਦਿਆਂ ਜਥੇ: ਤਲਵੰਡੀ ਅਤੇ ਮੁੱਖ ਬੁਲਾਰੇ ਪ੍ਰਭਜੋਤ ਸਿੰਘ ਧਾਲੀਵਾਲ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਹਮੇਸ਼ਾ ਹੀ ਕਿਸਾਨਾਂ, ਮਜ਼ਦੂਰ ਅਤੇ ਵਪਾਰੀਆਂ ਦੇ ਹੱਕਾਂ ਲਈ ਲੜ੍ਹਦੀ ਆਈ ਹੈ ਅਤੇ ਹੁਣ ਵੀ ਪੰਜਾਬ ਦੀ ਸਰਕਾਰ ਨੂੰ ਕਿਸਾਨਾਂ ਦੀ ਇਕ ਇੰਚ ਜ਼ਮੀਨ 'ਤੇ ਜ਼ਬਰੀ ਕਬਜ਼ਾ ਨਹੀਂ ਹੋਣ ਦਿੱਤਾ ਜਾਵੇਗਾ | ਦੋਹਾਂ ਆਗੂਆਂ ਨੇ ਦੱਸਿਆ ਕਿ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਸੁਚੱਜੀ ਅਗਵਾਈ ਹੇਠ ਹਲਕਾ ਰਾਏਕੋਟ ਵਿਚ ਅਕਾਲੀ ਦਲ ਦੇ ਢਾਂਚੇ ਦਾ ਪੁਨਰਗਠਨ ਕੀਤਾ ਜਾਵੇਗਾ ਅਤੇ ਪਾਰਟੀ ਵਰਕਰਾਂ ਦੇ ਮਨੋਬਲ ਨੂੰ ਉੱਚਾ ਚੁੱਕਿਆ ਜਾਵੇਗਾ |