ਹੰਬੜਾਂ, 17 ਜੁਲਾਈ (ਮੇਜਰ ਹੰਬੜਾਂ)-ਪੰਜਾਬ ਨੂੰ ਦਿੱਲੀ ਦੇ ਹੱਥਾਂ 'ਚ ਦੇਣ ਵਾਲੀ ਭਗਵੰਤ ਮਾਨ ਸਰਕਾਰ ਲੈਂਡ ਪੂਲਿੰਗ ਨੀਤੀ ਰਾਹੀਂ ਕਿਸਾਨਾਂ ਨੂੰ ਆਪਣੀ ਹੀ ਜ਼ਮੀਨਾਂ 'ਚੋਂ ਬਾਹਰ ਦਾ ਰਸਤਾ ਦਿਖਾਉਣ ਲੱਗੀ ਹੈ, ਜਿਸ ਲਈ ਸੂਬੇ ਦੇ ਲੋਕ ਦਿੱਲੀ ਦੇ ਇਸ਼ਾਰਿਆਂ 'ਤੇ ਚੱਲਣ ਵਾਲੀ ਮਾਨ ਸਰਕਾਰ ਨੂੰ ਇਕ ਇੰਚ ਜ਼ਮੀਨ ਨਹੀਂ ਦੇਣਗੇ | ਇਹ ਪ੍ਰਗਟਾਵਾ ਸਾਬਕਾ ਵਿਧਾਇਕ ਕਾਮਰੇਡ ਤਰਸੇਮ ਸਿੰਘ ਜੋਧਾਂ ਨੇ ਲੈਂਡ ਪੂਲਿੰਗ ਨੀਤੀ ਵਿਰੁੱਧ ਭੱਟੀਆਂ ਢਾਹਾਂ ਵਿਖੇ ਪੀੜ੍ਹਤ ਕਿਸਾਨਾਂ ਨਾਲ ਭਰਵੀਂ ਮੀਟਿੰਗ ਕਰਦਿਆਂ ਕੀਤਾ | ਉਨ੍ਹਾਂ ਕਿਹਾ ਕਿ ਕਿਸਾਨ ਹਿਤੈਸ਼ੀ ਅਖਵਾਉਣ ਵਾਲੀ ਭਗਵੰਤ ਮਾਨ ਸਰਕਾਰ ਕਿਸਾਨਾਂ ਦੀਆਂ ਵਾਹੀਯੋਗ ਜ਼ਮੀਨਾਂ ਮੁਫ਼ਤ ਵਿਚ ਐਕਵਾਇਰ ਕਰਕੇ ਕਿਸਾਨਾਂ ਦਾ ਖ਼ੂਨ ਨਚੋੜਨ ਲੱਗੀ ਹੈ, ਜਿਸ ਨੂੰ ਪੰਜਾਬ ਦੇ ਲੋਕ ਬਰਦਾਸ਼ਤ ਨਹੀਂ ਕਰਨਗੇ ਤੇ ਬਹੁਤ ਜਲਦ ਇਸ ਝੂਠੇ ਲਾਰਿਆਂ 'ਚ ਰੱਖਣ ਵਾਲੀ ਬਦਲਾਅ ਵਾਲੀ ਸਰਕਾਰ ਨੂੰ ਸਬਕ ਸਿਖਾਉਣਗੇ ਕਿਉਂਕਿ ਅੱਜ ਕਿਸਾਨ ਹੀ ਨਹੀਂ ਬਲਕਿ ਹਰ ਵਰਗ ਸਰਕਾਰ ਦੀਆਂ ਧੱਕੇਸ਼ਾਹੀਆਂ ਵਿਰੁੱਧ ਸੜਕਾਂ 'ਤੇ ਉੱਤਰ ਆਇਆ ਹੈ ਤੇ ਲੋਕ ਵਿਦਰੋਹ ਨੂੰ ਸਰਕਾਰ ਝੱਲ ਨਹੀਂ ਸਕੇਗੀ | ਜਥੇਦਾਰ ਗੁਰਦੇਵ ਸਿੰਘ ਭੱਟੀਆਂ, ਆਗੂ ਸਤਨਾਮ ਸਿੰਘ ਚਾਹਲ, ਸਾਬਕਾ ਸਰਪੰਚ ਜਸਵੰਤ ਸਿੰਘ ਭੱਟੀਆਂ, ਟ੍ਰਾਂਸਪੋਟਰ ਬੇਅੰਤ ਸਿੰਘ ਧਾਲੀਵਾਲ ਨੇ ਕਿਹਾ ਕਿ ਸਰਕਾਰ ਨੂੰ ਕਿਸੇ ਵੀ ਕੀਮਤ 'ਤੇ ਕਿਸਾਨ ਆਪਣੀਆਂ ਜ਼ਮੀਨਾਂ ਨਹੀਂ ਦੇਣਗੇ, ਕਿਉਂਕਿ ਸਰਕਾਰ ਨੂੰ ਚਾਹੀਦਾ ਸੀ ਪਹਿਲਾਂ ਉਹ ਕਿਸਾਨਾਂ ਦੀ ਸਹਿਮਤੀ ਲੈਂਦੀ ਫਿਰ ਉਕਤ ਕਦਮ ਚੁੱਕਿਆ ਜਾਂਦਾ ਹੈ, ਪਰ ਸਰਕਾਰ ਨੇ ਕਿਸਾਨਾਂ ਸਿਰ ਲੈਂਡ ਪੂਲਿੰਗ ਨੀਤੀ ਤਹਿਤ ਜ਼ਮੀਨਾਂ ਐਕਵਾਇਰ ਕਰਨ ਦਾ ਨੋਟੀਫਕੇਸ਼ਨ ਜਾਰੀ ਕਰਕੇ ਕਿਸਾਨਾਂ ਨਾਲ ਬੇਇਨਸਾਫ਼ੀ ਕੀਤੀ ਹੈ, ਜਿਸ ਦੀ ਕੀਮਤ ਸਰਕਾਰ ਨੂੰ ਆਉਣ ਵਾਲੇ ਸਮੇਂ ਅੰਦਰ ਚੁਕਾਉਣੀ ਪਵੇਗੀ | ਇਸ ਮੌਕੇ ਰਮੇਸ਼ ਸਿੰਘ ਬਾਠ, ਨੰਬਰਦਾਰ ਗੁਰਮੇਲ ਸਿੰਘ ਬਾਠ, ਜੀਤ ਸਿੰਘ ਬਾਠ ਸਮੇਤ ਹੋਰ ਪਿੰਡ ਵਾਸੀ ਕਿਸਾਨ ਵੱਡੀ ਗਿਣਤੀ 'ਚ ਮੌਜੂਦ ਸਨ |