ਜਗਰਾਉਂ, 17 ਜੁਲਾਈ (ਸ਼ਮਸ਼ੇਰ ਸਿੰਘ ਗਾਲਿਬ)-ਪਿੰਡ ਅਖਾੜਾ ਵਿਖੇ ਬਾਇਓ ਗੈਸ ਪਲਾਂਟ ਖਿਲਾਫ਼ ਲੱਗੇ ਧਰਨੇ 'ਚ ਸ਼ੰਘਰਸ਼ਸ਼ੀਲ ਲੋਕਾਂ ਨੇ ਕਾਫ਼ਲੇ ਬੰਨ੍ਹ ਕੇ ਸ਼ਮੂਲੀਅਤ ਕੀਤੀ | ਇੱਥੇ ਦੱਸਣਯੋਗ ਹੈ ਕਿ ਬਾਇਓ ਗੈਸ ਪਲਾਂਟ ਨੂੰ ਲੈ ਕੇ ਮਾਣਯੋਗ ਹਾਈਕੋਰਟ ਵਿਚ ਅੱਜ ਤਾਰੀਖ ਸੀ ਤੇ ਸੰਘਰਸ਼ ਕਮੇਟੀ ਦੇ ਸੱਦੇ 'ਤੇ ਲੋਕ ਇਕੱਠੇ ਹੋਏ ਤੇ ਫ਼ੈਸਲੇ ਦੀ ਉਡੀਕ ਤੱਕ ਧਰਨੇ 'ਤੇ ਡਟੇ ਰਹੇ | ਇੱਥੇ ਇਹ ਵੀ ਦੱਸਣਯੋਗ ਹੈ ਕਿ ਲੰਘੀਆਂ ਤਾਰੀਖਾਂ ਵਾਲੇ ਦਿਨ ਮਾਹੌਲ ਤਲਖੀ ਭਰਿਆ ਬਣਦਾ ਰਿਹਾ ਹੈ ਪ੍ਰੰਤੂ ਲੰਘੇ ਦਿਨੀਂ ਐਕਸ਼ਨ ਕਮੇਟੀ ਦੀ ਮੁੱਖ ਮੰਤਰੀ ਨਾਲ ਮੀਟਿੰਗ ਤੋਂ ਬਾਅਦ ਇਸ ਮਾਮਲੇ 'ਤੇ ਮੁੱਖ ਮੰਤਰੀ ਵਲੋਂ ਦੋ ਮਹੀਨੇ ਦਾ ਸਮਾਂ ਦਿੱਤਾ ਗਿਆ ਸੀ ਜਿਸ ਦੇ ਚੱਲਦਿਆਂ ਧਰਨਾਕਾਰੀਆਂ ਤੇ ਪ੍ਰਸ਼ਾਸਨ ਵਿਚਾਲੇ ਕੋਈ ਸਥਿਤੀ ਸ਼ਾਂਤੀਪੂਰਨ ਰਹੀ | ਅੱਜ ਦੇ ਧਰਨੇ ਵਿਚ ਬੀਬੀਆਂ ਦੀ ਗਿਣਤੀ ਭਾਰੂ ਰਹੀ | ਇਸ ਮੌਕੇ ਗੁਰਤੇਜ ਸਿੰਘ ਨੇ ਸੰਬੋਧਨ ਕਰਦਿਆਂ ਆਖਿਆ ਕਿ ਬਾਇਓ ਗੈਸ ਪਲਾਂਟ ਖ਼ਿਲਾਫ਼ ਉਨ੍ਹਾਂ ਦਾ ਇਹ ਸੰਘਰਸ਼ ਇਕ ਸਾਲ ਤੋਂ ਟੱਪ ਗਿਆ ਹੈ ਪ੍ਰੰਤੂ ਪ੍ਰਸ਼ਾਸ਼ਨ ਅਤੇ ਪੰਜਾਬ ਸਰਕਾਰ ਦੇ ਕੰਨ 'ਤੇ ਜੂੰਅ ਨਹੀ ਸਰਕੀ | ਬੁਲਾਰਿਆਂ ਨੇ ਆਖਿਆ ਕਿ ਪੰਜਾਬ ਸਰਕਾਰ ਪਿੰਡ ਅਖਾੜਾ ਦੇ ਲੋਕਾਂ ਦਾ ਸਬਰ ਪਰਖ ਰਹੀ ਹੈ | ਉਨ੍ਹਾਂ ਆਖਿਆ ਕਿ ਇਹ ਸੰਘਰਸ਼ ਸਾਡੀਆਂ ਆਉਣ ਵਾਲੀਆਂ ਨਸਲਾਂ ਦਾ ਭਵਿੱਖ ਤਹਿ ਕਰੇਗਾ ਇਸ ਲਈ ਉਹ ਇਕ ਦੋ ਸਾਲ ਤਾਂ ਕੀ ਇਸ ਲੜਾਈ ਨੂੰ ਦਹਾਕਿਆਂ ਤੱਕ ਵੀ ਲੜਣ ਲਈ ਤਿਆਰ ਹਨ | ਇਸ ਮੌਕੇ ਮਾ: ਗੁਲਵੰਤ ਸਿੰਘ, ਗਿਆਨੀ ਜਸਵੀਰ ਸਿੰਘ, ਦਰਸ਼ਨ ਸਿੰਘ, ਸੁਖਜੀਤ ਸਿੰਘ ਬਰਿਆਰ ਅਤੇ ਇਸਤਰੀ ਆਗੂ ਸੁਖਦੀਪ ਕੌਰ ਆਦਿ ਬੁਲਾਰਿਆਂ ਨੇ ਕਿਹਾ ਕਿ ਲੋਕ ਏਕਤਾ ਖਿਲਾਫ਼ ਹਕੂਮਤ ਦਾ ਹਰ ਹੀਲਾ ਨਾਕਾਮ ਹੋ ਰਿਹਾ ਹੈ | ਆਗੂਆਂ ਨੇ ਕਿਹਾ ਕਿ ਜਦੋਂ ਹੋਂਦ ਦੀ ਹਸਤੀ ਮਿਟਣ ਦੀ ਗੱਲ ਹੋਵੇ ਉਦੋਂ ਘਾਟੇ-ਵਾਧੇ ਨਹੀ ਦੇਖੇ ਜਾਂਦੇ | ਇਸ ਮੌਕੇ ਭਰਵੇਂ ਇਕੱਠ ਵਿਚ ਬਾਹਾਂ ਖੜ੍ਹੀਆਂ ਕਰਕੇ ਮਤਾ ਪਾਸ ਕੀਤਾ ਗਿਆ ਕਿ ਜਦੋਂ ਤੱਕ ਇਸ ਸੰਘਰਸ਼ ਜਿੱਤ ਨਹੀਂ ਲਿਆ ਜਾਂਦਾ ਉਦੋਂ ਤੱਕ ਇਸ ਸੰੰਘਰਸ਼ 'ਚ ਸ਼ੁਮਾਰ ਲੋਕ ਜਜ਼ਬੇ ਨੂੰ ਠੰਢਾ ਨਹੀਂ ਹੋਣ ਦੇਣਗੇ | ਇਸ ਮੌਕੇ ਜਰਨੈਲ ਸਿੰਘ, ਸਰਪੰਚ ਬਲਗੀਤ ਕੌਰ, ਜਸਵੀਰ ਸਿੰਘ ਲੋਹਟ, ਡਾ: ਇਕਬਾਲ ਸਿੰਘ, ਪਿ੍ਤਪਾਲ ਸਿੰਘ, ਕੁਲਦੀਪ ਸਿੰਘ, ਜਸਵੀਰ ਸਿੰਘ ਸਮਰਾ, ਜਗਜੀਤ ਸਿੰਘ (ਸਾਰੇ ਪੰਚ), ਸੁਖਦੇਵ ਸਿੰਘ ਗਿਆਨੀ, ਗੁਰਸੇਵਕ ਸਿੰਘ ਬਰਿਆਰ ਆਦਿ ਹਾਜ਼ਰ ਸਨ |