ਮੁੱਲਾਂਪੁਰ-ਦਾਖਾ, 17 ਜੁਲਾਈ (ਨਿਰਮਲ ਸਿੰਘ ਧਾਲੀਵਾਲ)-ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਲੋਂ ਪੂਰੇ ਪੰਜਾਬ 'ਚ ਜਥੇਬੰਦੀ ਅਤੇ ਕਿਸਾਨ-ਮਜ਼ਦੂਰਾਂ ਨੂੰ ਨਾਲ ਲੈ ਕੇ ਪੰਜਾਬ ਸਰਕਾਰ ਦੀ ਲੈਂਡ ਪੂਲਿੰਗ ਨੀਤੀ ਦੇ ਵਿਰੋਧ 'ਚ ਪਿੰਡ ਦਾਖਾ ਦੇ ਬਾਹਰ-ਵਾਰ ਬਾਬਾ ਨੱਥੂ ਜੀ ਸ਼ਹੀਦ ਗੁਰਦੁਆਰਾ ਸਾਹਿਬ ਦਾਖਾ ਨੇੜੇ 19 ਜੁਲਾਈ ਸਨਿੱਚਰਵਾਰ ਨੂੰ ਵੱਡਾ ਇਕੱਠ ਕਰਕੇ ਲੈਂਡ ਪੂਲਿੰਗ ਦੇ ਵਿਰੋਧ ਦਾ ਬਿਗੁਲ ਵਜਾਇਆ ਜਾਵੇਗਾ, ਇਹ ਜਾਣਕਾਰੀ ਬੀ.ਕੇ.ਯੂ (ਉਗਰਾਹਾਂ) ਦੇ ਜ਼ਿਲ੍ਹਾ ਆਗੂ ਬਲਵੰਤ ਸਿੰਘ ਘੁਡਾਣੀ, ਜ਼ਿਲ੍ਹਾ ਵਿੱਤ ਸਕੱਤਰ ਰਜਿੰਦਰ ਸਿੰਘ ਸਿਆੜ, ਅਜੀਤ ਸਿੰਘ ਦਾਖਾ ਵਲੋਂ ਦਿੱਤੀ ਗਈ | ਘੁਡਾਣੀ ਅਨੁਸਾਰ ਲੁਧਿਆਣਾ ਜ਼ਿਲ੍ਹੇ ਦੀਆਂ ਵਾਹੀਯੋਗ ਉਪਜਾਊ ਜ਼ਮੀਨਾਂ 'ਤੇ ਅਰਬਨ ਅਸਟੇਟਾਂ ਬਣਨ ਨਾਲ ਪੰਜਾਬ 'ਚ ਅੰਨ੍ਹ ਦਾ ਕਾਲ ਪੈ ਜਾਵੇਗਾ | ਉਨ੍ਹਾਂ ਕਿਹਾ ਕਿ ਲੈਂਡ ਪੂਲਿੰਗ ਨੂੰ ਲੈ ਕੇ ਗਲਤ ਢੰਗ ਨਾਲ ਹੋਇਆ ਨੋਟੀਫਿਕੇਸ਼ਨ ਜਿੰਨ੍ਹਾਂ ਚਿਰ ਪੰਜਾਬ ਸਰਕਾਰ ਵਾਪਿਸ ਨਹੀਂ ਲੈਂਦੀ, ਬੀ.ਕੇ.ਯੂ (ਉਗਰਾਹਾਂ) ਸਖ਼ਤ ਵਿਰੋਧ ਕਰੇਗੀ | ਉਕਤ ਆਗੂਆਂ ਨੇ ਲੁਧਿਆਣਾ ਜ਼ਿਲ੍ਹੇ ਦੇ ਸਮੁੱਚੇ ਕਿਸਾਨਾਂ-ਮਜ਼ਦੂਰਾਂ ਅਤੇ ਜਥੇਬੰਦੀ ਦੇ ਅਹੁਦੇਦਾਰਾਂ ਨੂੰ ਅਪੀਲ ਕੀਤੀ ਕਿ ਪੰਜਾਬ ਸਰਕਾਰ ਕੋਲੋਂ ਆਪਣੀਆਂ ਜ਼ਮੀਨਾਂ ਬਚਾਉਣ ਲਈ 19 ਜੁਲਾਈ ਦੇ ਦਿਨ ਦਾਖਾ ਵਿਖੇ ਇਕੱਤਰ ਹੋ ਕੇ ਸਰਕਾਰ ਨੂੰ ਨੋਟੀਫਿਕੇਸ਼ਨ ਵਾਪਿਸ ਲੈਣ ਲਈ ਮਜ਼ਬੂਰ ਕਰੀਏ |