ਭੂੰਦੜੀ, 17 ਜੁਲਾਈ (ਕੁਲਦੀਪ ਸਿੰਘ ਮਾਨ)-ਹਲਕਾ ਦਾਖਾ ਦੇ ਇੰਚਾਰਜ ਕੈਪਟਨ ਸੰਦੀਪ ਸੰਧੂ, ਪ੍ਰਧਾਨ ਪ੍ਰੇਮ ਸਿੰਘ ਸੇਖੋਂ ਬਾਸੀਆਂ ਅਤੇ ਜਨਰਲ ਸਕੱਤਰ ਕੁਲਦੀਪ ਸਿੰਘ ਧਾਲੀਵਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ 'ਆਪ' ਆਗੂਆਂ ਨੇ ਧੜਾਧੜ ਝੂਠੇ ਵਾਅਦਿਆਂ ਨਾਲ ਪੰਜਾਬ ਦੇ ਭੋਲੇ-ਭਾਲੇ ਲੋਕਾਂ ਨੂੰ ਆਪਣੇ ਜਾਲ ਵਿਚ ਫਸਾ ਕੇ ਸਰਕਾਰ ਤਾਂ ਬਣਾ ਲਈ, ਪਰ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਹੋਏ, ਹੁਣ ਲੋਕ ਝੂਠੇ ਵਾਅਦਿਆਂ ਦਾ ਮੂੰਹ ਤੋੜਵਾਂ ਜੁਆਬ ਦੇਣ ਦਾ ਮਨ ਬਣਾ ਚੁੱਕੇ ਹਨ | ਪਿੰਡਾਂ ਦੇ ਲੋਕ ਹੁਣ 'ਆਪ' ਸਰਕਾਰ ਦੇ ਨੁਮਾਇੰਦਿਆਂ ਨੂੰ ਘੇਰ-ਘੇਰ ਕੇ ਝੂਠੇ ਵਾਅਦਿਆਂ ਦਾ ਸਪੱਸ਼ਟੀਕਰਨ ਮੰਗ ਰਹੇ ਹਨ, ਜਿਸ ਕਰਕੇ 'ਆਪ' ਲੀਡਰ ਹੁਣ ਪਿੰਡਾਂ ਵਿਚ ਵੜ੍ਹਨ ਤੋਂ ਡਰ ਰਹੇ ਹਨ | ਉਨ੍ਹਾਂ ਅੱਗੇ ਕਿਹਾ ਕਿ ਸਰਕਾਰ ਨੇ ਚੋਣਾਂ ਤੋਂ ਪਹਿਲਾਂ ਹਰ ਮਹਿਲਾ ਨੂੰ ਹਜ਼ਾਰ ਰੁਪਏ ਮਹੀਨਾ ਦੇਣ ਦੇ ਐਲਾਨ ਤਹਿਤ ਸੂਬੇ ਭਰ ਦੀਆਂ ਮਹਿਲਾਵਾਂ ਵਾਅਦੇ ਦੀ ਪੂਰਤੀ ਲਈ ਤਰਸ ਰਹੀਆਂ ਹਨ | ਉਨ੍ਹਾਂ ਕਿਹਾ ਕਿ ਹੁਣ 'ਆਪ ਸਰਕਾਰ' ਨੇ ਹਰ ਵਿਅਕਤੀ ਦਾ 10 ਲੱਖ ਰੁਪਏ ਦਾ ਮੈਡੀਕਲ ਬੀਮਾ ਕਰਨ ਦਾ ਨਵਾਂ ਸ਼ੋਸ਼ਾ ਛੱਡ ਦਿੱਤਾ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਕੇਂਦਰ ਦੀ ਮੋਦੀ ਸਰਕਾਰ ਵਾਂਗ ਹੁਣ 'ਆਪ' ਲੁਧਿਆਣਾ ਦੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣ ਦੀਆਂ ਕੋਸ਼ਿਸ਼ਾਂ ਕਰ ਰਹੀ ਹੈ, ਪਰ ਕਾਂਗਰਸ ਪਾਰਟੀ ਕਿਸਾਨਾਂ ਨਾਲ ਕਿਸੇ ਕਿਸਮ ਦਾ ਧੱਕਾ ਨਹੀਂ ਹੋਣ ਦੇਵੇਗੀ |