19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-07-2025

ਰਾਏਕੋਟ ਵਿਖੇ ਲੁਧਿਆਣਾ-ਬਠਿੰਡਾ ਰਾਜ ਮਾਰਗ 'ਤੇ ਹਨੇਰੀ ਕਾਰਨ ਡਿੱਗਿਆ ਦਰੱਖ਼ਤ 36 ਘੰਟਿਆਂ ਬਾਅਦ ਵੀ ਨਗਰ ਕੌਂਸਲ ਨੇ ਨਹੀਂ ਕੀਤਾ ਰਸਤਾ ਸਾਫ

ਅਜੀਤ ਡੈਸਕ 16-07-2025
ਰਾਏਕੋਟ, 15 ਜੁਲਾਈ (ਬਲਵਿੰਦਰ ਸਿੰਘ ਲਿੱਤਰ)-ਰਾਏਕੋਟ ਵਿਖੇ ਕੱਲ੍ਹ ਸਵੇਰੇ ਆਈ ਬਰਸਾਤ ਅਤੇ ਹਨੇਰੀ ਕਾਰਨ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਗੁਰਦੁਆਰਾ ਟਾਹਲੀਆਣਾ ਸਾਹਿਬ ਦੀ ਕਾਰ ਪਾਰਕਿੰਗ ਵਾਲੀ ਸੜਕ ਦੇ ਅੱਗੇ ਡਿੱਗੇ ਦਰੱਖ਼ਤ ਨੂੰ ਚੁਕਵਾਉਣ ਲਈ 36 ਘੰਟੇ ਬੀਤਣ ਦੇ ਬਾਵਜੂਦ ਵੀ ਪਾਵਰਕਾਮ ਅਤੇ ਨਗਰ ਕੌਂਸਲ ਦਾ ਸਮਾਂ ਨਹੀਂ ਲੱਗਿਆ, ਜਦਕਿ ਮੁੱਖ ਰਾਜਮਾਰਗ ਡਿੱਗੇ ਇਸ ਦਰੱਖ਼ਤ ਕਾਰਨ ਹਰ ਸਮੇਂ ਕੋਈ ਭਿਆਨਕ ਹਾਦਸਾ ਵਾਪਰਨ ਦਾ ਡਰ ਬਣਿਆ ਰਹਿੰਦਾ ਹੈ ਕਿਉਂਕਿ ਇਸ ਸੜਕ ਉੱਪਰ ਹਰ ਵੇਲੇ ਭਾਰੀ ਆਵਾਜਾਈ ਰਹਿੰਦੀ ਹੈ | ਇਸ ਸਬੰਧੀ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਨੇੜਲੀਆਂ ਦੁਕਾਨਾਂ ਦੇ ਦੁਕਾਨਦਾਰ ਕਰਮਜੀਤ ਸਿੰਘ ਸੈਂਭੀ, ਹਰਪ੍ਰੀਤ ਸਿੰਘ, ਇੰਦਰਜੀਤ ਸਿੰਘ, ਪ੍ਰਦੀਪ ਸਿੰਘ, ਬਲਵੰਤ ਸਿੰਘ ਨੇ ਦੱਸਿਆ ਕਿ ਬੀਤੇ ਕੱਲ੍ਹ ਸੋਮਵਾਰ ਸਵੇਰੇ 10 ਵਜੇ ਦੇ ਕਰੀਬ ਰਾਏਕੋਟ ਵਿਖੇ ਆਈ ਤੇਜ਼ ਹਨੇਰੀ ਅਤੇ ਮੀਂਹ ਕਾਰਨ ਉਨ੍ਹਾਂ ਦੀਆਂ ਦੁਕਾਨਾਂ ਲਾਗੇ ਲੁਧਿਆਣਾ-ਬਠਿੰਡਾ ਰਾਜਮਾਰਗ 'ਤੇ ਇੱਕ ਦਰੱਖ਼ਤ ਦਾ ਵੱਡਾ ਟਾਹਣਾ ਟੁੱਟ ਕੇ ਸੜਕ ਕਿਨਾਰੇ ਡਿੱਗ ਪਿਆ, ਜਿਸ ਕਾਰਨ ਜਿੱਥੇ ਇਸ ਸੜਕ ਦਾ ਵੱਡਾ ਹਿੱਸਾ ਰੁਕ ਗਿਆ, ਉੱਥੇ ਹੀ ਦਰੱਖ਼ਤ ਲਾਗਿਓਾ ਲੰਘਦੀਆਂ ਕਈ ਤਾਰਾਂ ਤੇ ਕੇਬਲਾਂ ਵੀ ਦੱਬੀਆਂ ਗਈਆਂ, ਜਦਕਿ ਸੜਕ 'ਤੇ ਡਿੱਗੇ ਦਰੱਖ਼ਤ ਕਾਰਨ ਹਨੇਰੇ-ਸਵੇਰੇ ਕੋਈ ਸੜਕ ਹਾਦਸਾ ਵਾਪਰਨ ਦਾ ਡਰ ਵੀ ਬਣਿਆ ਰਹਿੰਦਾ ਹੈ ਕਿਉਂਕਿ ਇਸ ਸੜਕ ਤੋਂ ਇਤਿਹਾਸਕ ਗੁਰਦੁਆਰਾ ਟਾਹਲੀਆਣਾ ਸਾਹਿਬ ਪਾਤਿਸ਼ਾਹੀ ਦਸਵੀਂ ਰਾਏਕੋਟ ਨੂੰ ਰਸਤਾ ਜਾਂਦਾ ਹੈ ਅਤੇ ਇਲਾਕੇ ਦਾ ਪ੍ਰਮੁੱਖ ਰਾਜਮਾਰਗ ਹੋਣ ਕਾਰਨ ਹਰ ਸਮੇਂ ਸੜਕ ਉੱਪਰ ਭਾਰੀ ਆਵਾਜਾਈ ਰਹਿੰਦੀ ਹੈ | ਉਨ੍ਹਾਂ ਦੱਸਿਆ ਕਿ ਦਰੱਖ਼ਤ ਡਿੱਗਣ ਸਬੰਧੀ ਉਹ ਕੱਲ੍ਹ ਸਵੇਰ ਤੋਂ ਹੀ ਐੱਸ.ਡੀ.ਓ ਪਾਵਰਕਾਮ ਰਾਏਕੋਟ ਅਤੇ ਕਾਰਜਸਾਧਕ ਅਫ਼ਸਰ ਨਗਰ ਕੌਂਸਲ ਰਾਏਕੋਟ ਸਮੇਤ ਹੋਰਨਾਂ ਕਈ ਅਧਿਕਾਰੀਆਂ ਨੂੰ ਕਈ ਵਾਰ ਫੋਨ ਕਰਕੇ ਅਤੇ ਦਫ਼ਤਰ ਜਾ ਕੇ ਦੱਸ ਚੁੱਕੇ ਹਨ ਪ੍ਰੰਤੂ ਅਜੇ ਤੱਕ ਨਗਰ ਕੌਂਸਲ ਅਤੇ ਪਾਵਰਕਾਮ ਵੱਲੋਂ ਸੜਕ ਕਿਨਾਰੇ ਡਿੱਗੇ ਪਏ ਇਸ ਦਰੱਖ਼ਤ ਨੂੰ ਚੁਕਵਾਉਣ ਸਬੰਧੀ ਕੋਈ ਵੀ ਢੁੱਕਵੀਂ ਕਾਰਵਾਈ ਨਹੀਂ ਕੀਤੀ ਗਈ | ਜੇਕਰ ਇਸ ਦਰੱਖ਼ਤ ਕਾਰਨ ਕਿਸੇ ਰਾਹਗੀਰ ਵਾਹਨ ਚਾਲਕ ਨਾਲ ਕੋਈ ਹਾਦਸਾ ਵਾਪਰਦਾ ਹੈ ਤਾਂ ਉਸ ਲਈ ਰਾਏਕੋਟ ਪ੍ਰਸ਼ਾਸਨ, ਪਾਵਰਕਾਮ ਅਤੇ ਨਗਰ ਕੌਂਸਲ ਜ਼ਿੰਮੇਵਾਰ ਹੋਵੇਗੀ | ਇਸ ਸਬੰਧੀ ਐੱਸ.ਡੀ.ਓ ਪਾਵਰਕਾਮ ਰਾਏਕੋਟ ਕੁਲਦੀਪ ਕੁਮਾਰ ਨਾਲ ਗੱਲਬਾਤ ਕੀਤੀ ਤਾਂ ਉਨ੍ਹਾਂ ਆਖਿਆ ਕਿ ਇਸ ਦਰੱਖ਼ਤ ਨੂੰ ਚੁਕਵਾਉਣ ਦੀ ਜ਼ਿੰਮੇਵਾਰੀ ਨਗਰ ਕੌਂਸਲ ਰਾਏਕੋਟ ਤੇ ਜੰਗਲਾਤ ਮਹਿਕਮੇ ਦੀ ਬਣਦੀ ਹੈ | ਦੂਜੇ ਪਾਸੇ ਸੜਕ ਕਿਨਾਰੇ ਟੁੱਟ ਕੇ ਡਿੱਗੇ ਦਰੱਖ਼ਤ ਨੂੰ ਚੁਕਵਾਉਣ ਸਬੰਧੀ ਨਗਰ ਕੌਂਸਲ ਰਾਏਕੋਟ ਦੇ ਕਾਰਜਸਾਧਕ ਅਫ਼ਸਰ ਅਮਨਦੀਪ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਆਖਿਆ ਕਿ ਇਹ ਮਾਮਲਾ ਹੁਣ ਉਨ੍ਹਾਂ ਦੇ ਧਿਆਨ ਵਿਚ ਆ ਗਿਆ ਹੈ ਪਰ ਅੱਜ ਉਹ ਬਾਹਰ ਹਨ | ਇਸ ਲਈ ਉਹ ਕੱਲ੍ਹ ਸਵੇਰੇ ਦਫ਼ਤਰ ਆ ਕੇ ਇਸ ਦਰੱਖ਼ਤ ਨੂੰ ਚੁਕਵਾ ਦੇਣਗੇ |
ਪਿਛਲੀ ਖ਼ਬਰ ਬੀ.ਬੀ.ਐੱਸ.ਬੀ. ਕਾਨਵੈਂਟ ਸਕੂਲ ਵਿਖੇ ਅੱਗ ਅਤੇ ਖੰਡ ਦੀ ਵਰਤੋਂ ਬਿਨਾਂ ਕੁਕਿੰਗ ਮੁਕਾਬਲੇ ਕਰਵਾਏ ਅਗਲੀ ਖ਼ਬਰ ਬਾਬਾ ਫ਼ਰੀਦ ਕਮੇਟੀ ਪੰਜਾਬ ਦੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।