ਗੁਰੂਸਰ ਸੁਧਾਰ, 15 ਜੁਲਾਈ (ਜਗਪਾਲ ਸਿੰਘ ਸਿਵੀਆਂ)-ਪਿੰਡ ਘੁਮਾਣ ਦੇ ਵਿਚਕਾਰ ਸਥਿਤ ਛੱਪੜ ਦੇ ਗੰਦੇ ਪਾਣੀ ਦੀ ਨਿਕਾਸੀ ਰੁਕਣ ਨਾਲ ਵਸਨੀਕਾਂ ਦੀਆਂ ਮੁਸੀਬਤਾਂ ਵੱਧ ਗਈਆਂ ਹਨ | ਬਰਸਾਤੀ ਪਾਣੀ ਅਤੇ ਗੰਦਗੀ ਨਾਲ ਲਬਰੇਜ਼ ਇਸ ਛੱਪੜ ਦਾ ਦੂਸ਼ਿਤ ਪਾਣੀ ਗਲੀਆਂ ਅਤੇ ਘਰਾਂ ਵਿਚ ਜਾ ਰਿਹਾ ਹੈ, ਜਿਸ ਨਾਲ ਇਮਾਰਤਾਂ ਨੂੰ ਨੁਕਸਾਨ, ਦੀਵਾਰਾਂ ਵਿਚ ਤਰੇੜਾਂ ਅਤੇ ਬਿਮਾਰੀਆਂ ਦਾ ਖ਼ਤਰਾ ਵੱਧ ਗਿਆ ਹੈ | ਪਿੰਡ ਵਾਸੀਆਂ ਪ੍ਰੇਮ ਸਿੰਘ, ਦਰਸ਼ਨ ਸਿੰਘ, ਮਨਦੀਪ ਸਿੰਘ ਉੱਪਲ, ਯਾਦਵਿੰਦਰ ਸਿੰਘ, ਖੁਸ਼ਵੰਤ ਰਾਏ, ਗੁਰਤੇਜ ਸਿੰਘ, ਹਰਜਿੰਦਰ ਸਿੰਘ ਜਿੰਦੀ ਅਤੇ ਅਮਿ੍ਤਪਾਲ ਸਿੰਘ ਲਾਲੀ ਨੇ ਦੱਸਿਆ ਕਿ ਇਹ ਸਮੱਸਿਆ ਪਿਛਲੇ ਚਾਰ ਦਹਾਕਿਆਂ ਤੋਂ ਜਾਰੀ ਹੈ | ਸੋਲਰ ਪੰਪ ਰਾਹੀਂ ਪਾਣੀ ਨੂੰ ਬਾਹਰ ਖੂਹੀ ਵਿਚ ਕੱਢਣ ਦਾ ਪ੍ਰਬੰਧ ਸੀ, ਪਰ ਭਾਰੀ ਬਰਸਾਤ ਨੇ ਖੂਹੀ ਨੂੰ ਭਰ ਦਿੱਤਾ, ਜਿਸ ਨਾਲ ਨਿਕਾਸੀ ਠੱਪ ਹੋ ਚੁੱਕੀ ਹੈ | ਹਾਲੀਆ ਮੀਂਹ ਨੇ ਪਾਣੀ ਨੂੰ ਘਰਾਂ ਅਤੇ ਗਲੀਆਂ ਵਿਚ ਪਹੁੰਚਾ ਦਿੱਤਾ, ਜਿਸ ਕਾਰਨ ਇਕ ਘਰ ਡਿਗਣ ਦੇ ਕਿਨਾਰੇ 'ਤੇ ਹੈ ਅਤੇ ਕਈ ਘਰਾਂ ਦੀਆਂ ਦੀਵਾਰਾਂ ਨੂੰ ਤਰੇੜਾਂ ਪੈ ਰਹੀਆਂ ਹਨ | ਵਸਨੀਕਾਂ ਨੇ ਚਿੰਤਾ ਜਤਾਈ ਕਿ ਬਦਬੂਦਾਰ ਪਾਣੀ ਨਾਲ ਬਿਮਾਰੀਆਂ ਦਾ ਖ਼ਤਰਾ ਮੰਡਰਾ ਰਿਹਾ ਹੈ | ਉਨ੍ਹਾਂ ਨੇ ਜ਼ਿਲ੍ਹਾ ਪ੍ਰਸ਼ਾਸਨ ਅਤੇ ਸਥਾਨਕ ਆਗੂਆਂ ਨੂੰ ਕਈ ਵਾਰ ਅਪੀਲ ਕੀਤੀ, ਪਰ ਕੋਈ ਸੁਣਵਾਈ ਨਹੀਂ ਹੋਈ | ਪਿੰਡ ਵਾਸੀਆਂ ਨੇ ਪ੍ਰਸ਼ਾਸਨ ਤੋਂ ਤੁਰੰਤ ਬਦਲਵੇਂ ਨਿਕਾਸੀ ਪ੍ਰਬੰਧ ਅਤੇ ਛੱਪੜ ਦੀ ਸਫ਼ਾਈ ਦੀ ਮੰਗ ਕੀਤੀ ਹੈ ਤਾਂ ਜੋ ਇਸ ਗੰਭੀਰ ਸਮੱਸਿਆ ਤੋਂ ਰਾਹਤ ਮਿਲ ਸਕੇ | ਸਰਪੰਚ ਭੁਪਿੰਦਰ ਸਿੰਘ ਨੇ ਕਿਹਾ ਕਿ ਬਰਸਾਤਾਂ ਤੋਂ ਪਹਿਲਾਂ ਛੱਪੜ ਦਾ ਪਾਣੀ ਖੇਤਾਂ ਵਿਚ ਪਾਇਆ ਗਿਆ ਸੀ | ਉਨ੍ਹਾਂ ਦੱਸਿਆ ਪਿਛਲੀ ਪੰਚਾਇਤ ਨੇ ਐੱਨ.ਆਰ.ਆਈ ਦੇ ਫੰਡ ਨਾਲ ਇਸ ਛੱਪੜ ਦੇ ਵੱਡੇ ਹਿੱਸੇ ਨੂੰ ਪੂਰਿਆ ਗਿਆ ਅਤੇ ਪਾਣੀ ਦੀ ਨਿਕਾਸੀ ਛੱਪੜ ਵਿਚਲੇ ਬਣੇ ਖੂਹਾਂ ਰਾਹੀਂ ਕੀਤੀ ਗਈ, ਪਰ ਇਹ ਖੂਹ ਪਾਣੀ ਨਾਲ ਬਿਲਕੁਲ ਭਰੇ ਪਏ ਹਨ ਅਤੇ ਹੁਣ ਬਰਸਾਤ ਦੇ ਭਾਰੀ ਪਾਣੀ ਦਾ ਦਬਾਅ ਝੱਲਣ ਵਿਚ ਇਹ ਅਸਮਰੱਥ ਹੈ | ਜਿਸ ਕਾਰਨ ਛੱਪੜ ਦਾ ਪਾਣੀ ਓਵਰਫਲੋ ਹੋ ਕੇ ਲੋਕਾਂ ਦੇ ਘਰਾਂ ਤੇ ਗਲੀਆਂ ਵਿਚ ਦਾਖ਼ਲ ਹੋ ਰਿਹਾ ਹੈ, ਉਨ੍ਹਾਂ ਜਲਦੀ ਹੀ ਇਸ ਸਮੱਸਿਆ ਦੇ ਹੱਲ ਦਾ ਵਾਅਦਾ ਕੀਤਾ |