ਲੈਂਡ ਪੂਲਿੰਗ ਨੀਤੀ ਨੂੰ ਕਿਸਾਨ ਕਿਸੇ ਕੀਮਤ 'ਤੇ ਬਰਦਾਸ਼ਤ ਨਹੀਂ ਕਰਨਗੇ-ਕੁਲਾਹੜ/ਘੁਡਾਣੀ/ਭੱਟੀਆਂ
ਅਜੀਤ ਡੈਸਕ
16-07-2025
ਹੰਬੜਾਂ, 15 ਜੁਲਾਈ (ਮੇਜਰ ਹੰਬੜਾਂ)-'ਆਪ' ਸਰਕਾਰ ਦੀ ਕਿਸਾਨ ਮਾਰੂ ਲੈਂਡ ਪੂਲਿੰਗ ਨੀਤੀ ਵਿਰੁੱਧ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ ਬਲਾਕ ਸਿੱਧਵਾਂ ਬੇਟ ਦੇ ਪਿੰਡ ਈਸੇਵਾਲ, ਬੀਰਮੀ, ਫਾਗਲਾ ਅਤੇ ਬਸੈਮੀ 'ਚ ਬਲਾਕ ਪ੍ਰਧਾਨ ਜਸਵੰਤ ਸਿੰਘ ਭੱਟੀਆਂ ਦੀ ਅਗਵਾਈ 'ਚ ਭਰਵੀਂਆਂ ਮੀਟਿੰਗਾਂ ਕੀਤੀਆਂ ਗਈਆਂ | ਮੀਟਿੰਗਾਂ ਸਮੇਂ ਜ਼ਿਲ੍ਹਾ ਮੀਤ ਪ੍ਰਧਾਨ ਮਨੋਹਰ ਸਿੰਘ ਕੁਲਾਹੜ ਅਤੇ ਯੁਵਰਾਜ ਸਿੰਘ ਘੁਡਾਣੀ ਕਲਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਲੈਂਡ ਪੂਲਿੰਗ ਪਾਲਿਸੀ ਦੇ ਨਾਂਅ 'ਤੇ ਕਿਸਾਨਾਂ ਦੀਆਂ ਜ਼ਮੀਨ ਨੂੰ ਧੱਕੇ ਨਾਲ ਨਹੀਂ ਖੋਹਣ ਦੇਵਾਂਗੇ | ਉਨ੍ਹਾਂ ਕਿਹਾ ਕਿ ਜਥੇਬੰਦੀ ਵਲੋਂ ਲੈਂਡ ਪੂਲਿੰਗ ਪਾਲਿਸੀ ਤੋਂ ਪ੍ਰਭਾਵਿਤ ਪਿੰਡਾਂ ਦੇ ਕਿਸਾਨਾਂ ਦੀ 19 ਜੁਲਾਈ ਦੀ ਪਿੰਡ ਦਾਖਾ 'ਚ ਰੱਖੀ ਗਈ ਮੀਟਿੰਗ ਸਰਕਾਰ ਦੀਆਂ ਜੜ੍ਹਾਂ ਹਿਲਾ ਦੇਵੇਗੀ ਤੇ ਉਨ੍ਹਾਂ ਕਿਸਾਨਾਂ ਨੂੰ ਉਕਤ ਮੀਟਿੰਗ 'ਚ ਵੱਡੀ ਗਿਣਤੀ 'ਚ ਸ਼ਾਮਿਲ ਹੋਣ ਦਾ ਸੱਦਾ ਦਿੱਤਾ ਤੇ ਜ਼ਮੀਨਾਂ ਨੂੰ ਬਚਾਉਣ ਲਈ ਲੰਮੇ ਅਤੇ ਵਿਸ਼ਾਲ ਸੰਘਰਸ਼ ਕਰਨ ਲਈ ਤਿਆਰ ਰਹਿਣ ਦਾ ਹੋਕਾ ਦਿੱਤਾ | ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪਹਿਲੀਆਂ ਸਰਕਾਰਾਂ ਵਾਂਗ ਹੀ ਕਾਰਪੋਰੇਟਾਂ ਨੂੰ ਕਿਸਾਨਾਂ ਦੀਆਂ ਜ਼ਮੀਨਾਂ ਸੰਭਾਲਣ ਲਈ ਪੱਬਾਂ-ਭਾਰ ਹੈ, ਪਹਿਲਾਂ ਭਾਰਤ ਮਾਲਾ ਪ੍ਰੋਜੈਕਟ ਦੇ ਨਾਮ ਹੇਠ ਤੇ ਹੁਣ ਲੈਂਡ ਪੂਲਿੰਗ ਨੀਤੀ ਤਹਿਤ ਸਾਡੀਆਂ ਜ਼ਮੀਨਾਂ ਨੂੰ ਕਾਰਪੋਰੇਟਾਂ ਨੂੰ ਮੁਫ਼ਤ ਵਿਚ ਦੇਣ ਜਾ ਰਹੀ ਹੈ, ਜਿਸ ਨੂੰ ਅਸੀਂ ਕਾਮਯਾਬ ਨਹੀਂ ਹੋਣ ਦੇਵਾਂਗੇ | ਉਨ੍ਹਾਂ ਹੋਰ ਆਖਿਆ ਕਿ 'ਆਪ' ਸਮੇਤ ਅਕਾਲੀ, ਕਾਂਗਰਸ ਤੇ ਭਾਜਪਾ ਵਰਗੀਆਂ ਸਭ ਮੌਕਾਪ੍ਰਸਤ ਸਿਆਸੀ ਪਾਰਟੀਆਂ ਵਿਕਾਸ ਦੇ ਨਾਂਅ ਹੇਠ ਵੱਖ-ਵੱਖ ਢੰਗਾਂ ਨਾਲ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਵਾਲੀ ਨੀਤੀ 'ਤੇ ਪੂਰੀ ਤਰ੍ਹਾਂ ਇਕਮੱਤ ਹਨ ਅਤੇ ਇਹ ਸਭ ਪਾਰਟੀਆਂ ਆਪਣੀਆਂ ਸਰਕਾਰਾਂ ਦੌਰਾਨ ਇਸੇ ਨੀਤੀ ਨੂੰ ਲਾਠੀ ਗੋਲੀ ਦੇ ਜ਼ੋਰ ਲਾਗੂ ਕਰਦੀਆਂ ਆ ਰਹੀਆਂ ਹਨ | ਉਨ੍ਹਾਂ ਆਖਿਆ ਕਿ ਕਾਂਗਰਸ ਸਰਕਾਰ ਸਮੇਂ ਬਰਨਾਲਾ ਜ਼ਿਲ੍ਹੇ 'ਚ ਧੌਲਾ, ਛੰਨਾ ਤੇ ਸੰਘੇੜਾ ਵਿਖੇ ਅਤੇ ਅਕਾਲੀ -ਭਾਜਪਾ ਸਰਕਾਰ ਸਮੇਂ ਗੋਬਿੰਦਪੁਰਾ (ਮਾਨਸਾ) ਵਿਖੇ ਕਿਸਾਨਾਂ ਦੀਆਂ ਜ਼ਮੀਨਾਂ ਜ਼ਬਰੀ ਐਕਵਾਇਰ ਕਰਨ ਲਈ ਕਿਸਾਨਾਂ 'ਤੇ ਢਾਹੇ ਗਏ ਅੰਨ੍ਹੇ ਪੁਲਿਸੀ ਕਹਿਰ ਵਰਗੀਆਂ ਘਟਨਾਵਾਂ ਇੰਨ੍ਹਾਂ ਪਾਰਟੀਆਂ ਦੇ ਕਿਸਾਨ ਵਿਰੋਧੀ ਤੇ ਕਾਰਪੋਰੇਟ ਘਰਾਣਿਆਂ ਪੱਖੀ ਕਿਰਦਾਰ ਮੂੰਹੋਂ ਬੋਲਦਾ ਸਬੂਤ ਹਨ | ਇਸ ਮੌਕੇ ਮਨਜੀਤ ਸਿੰਘ ਈਸੇਵਾਲ, ਸਰਬਜੀਤ ਸਿੰਘ ਈਸੇਵਾਲ, ਹਰਦੇਵ ਸਿੰਘ, ਗੁਰਜੀਤ ਸਿੰਘ ਈਸੇਵਾਲ, ਗੁਰਜੋਤ ਸਿੰਘ ਈਸੇਵਾਲ, ਹਰਕਿੰਦਰ ਸਿੰਘ ਈਸੇਵਾਲ, ਗੁਰਦੇਵ ਸਿੰਘ ਭੱਟੀਆਂ ਆਦਿ ਸਮੇਤ ਹੋਰ ਕਿਸਾਨ ਵੀ ਮੌਜੂਦ ਸਨ |