ਹੁਸ਼ਿਆਰਪੁਰ, 20 ਨਵੰਬਰ (ਹਰਪ੍ਰੀਤ ਕੌਰ)-ਸ਼੍ਰੋਮਣੀ ਅਕਾਲੀ ਦਲ ਦੇ ਰਾਸ਼ਟਰੀ ਉਪ ਪ੍ਰਧਾਨ ਸੰਜੀਵ ਤਲਵਾੜ ਨੇ ਅੱਜ ਇੱਥੇ ਕਿਹਾ ਕਿ ਤਰਨ ਤਾਰਨ ਸਾਹਿਬ ਉਪ ਚੋਣ 'ਚ ਪੰਜਾਬ ਪੁਲਿਸ ਨੇ ਇਕ ਰਾਜਨੀਤਿਕ ਪਾਰਟੀ ਦੀ ਤਰਾਂ ਕੰਮ ਕੀਤਾ ਅਤੇ ਉੱਥੇ ਮੁੱਖ ਵਿਰੋਧੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੇ ਵਰਕਰਾਂ 'ਤੇ ਝੂਠੇ ਪਰਚੇ ਪਾ ਕੇ ਉਨ੍ਹਾਂ ਨੂੰ ਚੋਣ ਮੁਹਿੰਮ ਤੋਂ ਦੂਰ ਰੱਖਣ ਦੀ ਕੋਸ਼ਿਸ਼ ਕੀਤੀ ਗਈ | ਉਨ੍ਹਾਂ ਕਿਹਾ ਕਿ ਪਹਿਲਾਂ ਵੀ ਭਾਰਤੀ ਚੋਣ ਕਮਿਸ਼ਨ ਨੇ ਸ਼੍ਰੋਮਣੀ ਅਕਾਲੀ ਦਲ ਦੀ ਸ਼ਿਕਾਇਤ ਨੂੰ ਠੀਕ ਮੰਨਦੇ ਹੋਏ ਤਰਨ ਤਾਰਨ ਦੇ ਐਸ.ਪੀ ਨੂੰ ਮੁਅੱਤਲ ਕਰ ਦਿੱਤਾ ਸੀ ਅਤੇ ਕਈ ਅਧਿਕਾਰੀਆਂ ਦੇ ਤਬਾਦਲੇ ਕਰ ਦਿੱਤੇ ਸਨ | ਇਸ ਦੇ ਬਾਵਜੂਦ ਪੁਲਿਸ ਨੇ ਸਰਕਾਰ ਦੀ ਸ਼ਹਿ 'ਤੇ ਆਪਣਾ ਰਵੱਈਆ ਨਹੀਂ ਬਦਲਿਆ | ਤਲਵਾੜ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਜਿੱਥੇ-ਜਿੱਥੇ ਜਿੱਤ ਹਾਸਿਲ ਕੀਤੀ ਅਤੇ ਜਿਨ੍ਹਾਂ ਨੇਤਾਵਾਂ ਨੇ ਪੁਲਿਸ ਖਿਲਾਫ਼ ਅਵਾਜ਼ ਉਠਾਈ, ਉਨ੍ਹਾਂ ਨੂੰ ਚੋਣ ਨਤੀਜਿਆਂ ਤੋਂ ਬਾਅਦ ਵੀ ਗਿ੍ਫ਼ਤਾਰ ਕਰ ਲਿਆ ਗਿਆ ਜਿਸ ਦੀ ਸ਼ਿਕਾਇਤ ਸ਼੍ਰੋਮਣੀ ਅਕਾਲੀ ਦਲ ਵਲੋਂ ਭਾਰਤੀ ਚੋਣ ਕਮਿਸ਼ਨ ਕੋਲ ਕੀਤੀ ਗਈ ਸੀ | ਤਲਵਾੜ ਨੇ ਕਿਹਾ ਕਿ ਪਾਰੀ ਦੀ ਸ਼ਿਕਾਇਤ ਨੂੰ ਸਹੀ ਮੰਨਦਿਆਂ ਅੱਜ ਚੋਣ ਕਮਿਸ਼ਨ ਨੇ ਡੀ.ਜੀ.ਪੀ ਗੌਰਵ ਯਾਦਵ ਨੂੰ 25 ਨਵੰਬਰ ਨੂੰ ਦਿੱਲੀ ਵਿਖੇ ਤਲਬ ਕੀਤਾ ਹੈ | ਉਨ੍ਹਾਂ ਆਸ ਪ੍ਰਗਟਾਈ ਕਿ ਭਾਰਤੀ ਚੋਣ ਕਮਿਸ਼ਨ ਵਲੋਂ ਦੋਸ਼ੀ ਅਧਿਕਾਰੀਆਂ ਖਿਲਾਫ਼ ਕਾਰਵਾਈ ਕੀਤੀ ਜਾਵੇਗੀ | ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਨੇਤਾ ਭੁਪਿੰਦਰ ਸਿੰਘ, ਨੰਬਰਦਾਰ ਤੀਰਥ ਸਿੰਘ ਆਦਿ ਵੀ ਮੌਜੂਦ ਸਨ |