ਹੁਸ਼ਿਆਰਪੁਰ, 20 ਨਵੰਬਰ (ਹਰਪ੍ਰੀਤ ਕੌਰ)-ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਅਮਨਦੀਪ ਸ਼ਰਮਾ ਨੇ ਸਰਕਾਰੀ ਐਲੀਮੈਂਟਰੀ ਸਕੂਲ ਜਹਾਨਖੇਲਾਂ ਦਾ ਨਿਰੀਖਣ ਕੀਤਾ | ਨਿਰੀਖਣ ਦੌਰਾਨ ਉਹ ਕਲਾਸਰੂਮਾਂ ਵਿੱਚ ਗਏ ਅਤੇ ਵਿਦਿਆਰਥੀਆਂ ਦੇ ਸਿੱਖਿਆ ਪੱਧਰ ਦੀ ਜਾਂਚ ਕੀਤੀ | ਉਨ੍ਹਾਂ ਨੇ ਬੱਚਿਆਂ ਦੀ ਪੜ੍ਹਨ-ਲਿਖਣ ਦੀ ਸਮਰੱਥਾ, ਵਿਸ਼ਿਆਂ ਦੀ ਸਮਝ ਅਤੇ ਬੌਧਿਕ ਪ੍ਰਗਤੀ ਨੂੰ ਵੇਖਿਆ | ਉਨ੍ਹਾਂ ਨੇ ਸਕੂਲ ਵਿੱਚ ਚੱਲ ਰਹੀ ਮਿਡ-ਡੇ ਮੀਲ ਯੋਜਨਾ ਦੀ ਵੀ ਜਾਂਚ ਕੀਤੀ | ਉਨ੍ਹਾਂ ਨੇ ਰਸੋਈ ਘਰ ਵਿੱਚ ਜਾ ਕੇ ਭੋਜਨ ਬਣਾਉਣ ਦੀ ਪ੍ਰਕਿਰਿਆ, ਸਫ਼ਾਈ ਅਤੇ ਪੌਸ਼ਟਿਕ ਮਾਪਦੰਡਾਂ ਦਾ ਮੁਲਾਂਕਣ ਕੀਤਾ | ਉਨ੍ਹਾਂ ਕਿਹਾ ਕਿ ਜਹਾਨਖੇਲਾਂ ਸਕੂਲ ਵਿੱਚ ਬੱਚਿਆਂ ਨੂੰ ਮਿਲ ਰਿਹਾ ਭੋਜਨ ਗੁਣਵੱਤਾ ਵਾਲਾ, ਤਾਜ਼ਾ ਅਤੇ ਪੌਸ਼ਟਿਕ ਹੈ, ਜੋ ਕਾਬਲੇ-ਤਾਰੀਫ਼ ਹੈ | ਉਨ੍ਹਾਂ ਨੇ ਮਿਡ-ਡੇ ਮੀਲ ਵਰਕਰਾਂ ਨੂੰ ਚੰਗੀ ਕੁਆਲਟੀ ਦਾ ਖਾਣਾ ਬੱਚਿਆਂ ਨੂੰ ਪ੍ਰਦਾਨ ਕਰਨ ਲਈ ਕਿਹਾ | ਇਸ ਮੌਕੇ ਸੈਂਟਰ ਹੈਡ ਟੀਚਰ ਜਗਮੋਹਨ ਸਿੰਘ ਵੀ ਮੌਜੂਦ ਸਨ | ਉਨ੍ਹਾਂ ਨੇ ਸਕੂਲ ਵਿੱਚ ਚੱਲ ਰਹੀਆਂ ਸਿੱਖਿਆ ਸਬੰਧੀ ਗਤੀਵਿਧੀਆਂ, ਸੁਧਾਰ ਯੋਜਨਾਵਾਂ ਅਤੇ ਵਿਦਿਆਰਥੀਆਂ ਦੀ ਪ੍ਰਗਤੀ ਬਾਰੇ ਜਾਣਕਾਰੀ ਦਿੱਤੀ | ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਨੇ ਸਕੂਲ ਪ੍ਰਬੰਧਨ ਅਤੇ ਅਧਿਆਪਕਾਂ ਨੂੰ ਹਦਾਇਤ ਕੀਤੀ ਕਿ ਉਹ ਸਿੱਖਿਆ ਦੀ ਗੁਣਵੱਤਾ ਵਿੱਚ ਹੋਰ ਸੁਧਾਰ ਲਈ ਲਗਾਤਾਰ ਕੋਸ਼ਿਸ਼ ਕਰਦੇ ਰਹਿਣ | ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸਿੱਖਣ ਸਮਰੱਥਾ ਨੂੰ ਹੋਰ ਮਜ਼ਬੂਤ ਕਰਨਾ, ਸਕੂਲੀ ਵਾਤਾਵਰਣ ਨੂੰ ਸਕਾਰਾਤਮਕ ਬਣਾਉਣਾ ਅਤੇ ਨਵੀਂ ਸਿੱਖਣ ਪੱਧਤੀਆਂ ਅਪਣਾਉਣਾ ਸਮੇਂ ਦੀ ਲੋੜ ਹੈ |