22-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-11-2025

ਦਸਮੇਸ਼ ਗਰਲਜ਼ ਕਾਲਜ ਵਿਖੇ ਨੁੱਕੜ ਨਾਟਕ ਕਰਵਾਇਆ <br/>

ਅਜੀਤ ਡੈਸਕ 19-11-2025
ਮੁਕੇਰੀਆਂ, 18 ਨਵੰਬਰ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਮੁਕੇਰੀਆਂ ਵਿਖੇ ਵਿਦਿਆਰਥਣਾਂ ਦੇ ਸਰਵਪੱਖੀ ਵਿਕਾਸ ਲਈ ਵਚਨਬੱਧ ਹੈ | ਇਸੇ ਤਹਿਤ ਕਾਲਜ ਅੰਦਰ ਸਮੇਂ-ਸਮੇਂ 'ਤੇ ਸੈਮੀਨਾਰ ਕਾਨਫ਼ਰੰਸ ਅਤੇ ਵਿਸ਼ੇਸ਼ ਲੈਕਚਰਾਂ ਅਧੀਨ ਬਾਹਰੋਂ ਮਾਹਿਰ ਵਿਦਵਾਨਾਂ ਨੂੰ ਬੁਲਾ ਕੇ ਵੱਖੋ-ਵੱਖਰੇ ਵਿਸ਼ਿਆਂ ਪ੍ਰਤੀ ਜਾਗਰੂਕ ਕੀਤਾ ਜਾਂਦਾ ਹੈ | ਇਸੇ ਤਹਿਤ ਕਾਲਜ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠ ਪੰਜਾਬੀ ਵਿਭਾਗ ਵਲੋਂ ਵਿਦਿਆਰਥੀਆਂ ਨੂੰ ਅਜੋਕੇ ਸਮੇਂ ਅੰਦਰ ਭਖਦੀਆਂ ਸਮੱਸਿਆਵਾਂ ਪ੍ਰਤੀ ਜਾਗਰੂਕ ਕਰਨ ਲਈ ਨੁੱਕੜ ਨਾਟਕ ਕਰਵਾਇਆ ਗਿਆ | 'ਠੱਗੀ' ਅਤੇ 'ਸੁਲਗਦੀ ਧਰਤੀ' ਵਿਸ਼ੇ ਉੱਤੇ ਪ੍ਰਭਾਵਸ਼ਾਲੀ ਨੁੱਕੜ ਨਾਟਕਾਂ ਰਾਹੀਂ ਵਿਦਿਆਰਥੀਆਂ ਨੂੰ ਨਸ਼ਿਆਂ ਪ੍ਰਤੀ ਜਾਗਰੂਕ ਕਰਨ, ਵਿਦੇਸ਼ਾਂ ਵੱਲ ਜਾਣ ਦੇ ਨਾਂਅ 'ਤੇ ਹੋਣ ਵਾਲੀ ਠੱਗੀ ਤੋਂ ਸਾਵਧਾਨ ਰਹਿਣ ਅਤੇ ਆਪਣੇ ਦੇਸ਼ ਵਿਚ ਹੀ ਰੋਜ਼ਗਾਰ ਦੇ ਮੌਕਿਆਂ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ | ਵਿਦੇਸ਼ ਜਾਣ ਦੀ ਅੰਨ੍ਹੀ ਦੌੜ ਕਾਰਨ ਨੌਜਵਾਨ ਪੀੜ੍ਹੀ ਅਤੇ ਮਾਪੇ ਦੋਵੇਂ ਹੀ ਮਨੋਵਿਗਿਆਨਕ ਦਬਾਅ ਅਤੇ ਵੱਡੇ ਨੁਕਸਾਨ ਦਾ ਸਾਹਮਣਾ ਕਰਦੇ ਹਨ, ਇਸ ਦੀ ਜੀਵੰਤ ਪੇਸ਼ਕਾਰੀ ਕੀਤੀ ਗਈ | ਕਾਲਜ ਪਿ੍ੰਸੀਪਲ ਨੇ ਵਿਦਿਆਰਥਣਾਂ ਨਾਲ ਵਿਚਾਰਾਂ ਦੀ ਸਾਂਝ ਪਾਉਂਦਿਆਂ ਕਿਹਾ ਕਿ ਅਜੋਕੇ ਸਮੇਂ ਅੰਦਰ ਨੌਜਵਾਨਾਂ ਨੂੰ ਵਿਦੇਸ਼ੀ ਚਮਕ-ਦਮਕ ਤੋਂ ਪ੍ਰਭਾਵਿਤ ਹੋ ਕੇ ਪੱਬਾਂ-ਕਲੱਬਾਂ ਵਿਚ ਜਾਣ ਦੀ ਥਾਂ ਆਪਣੀਆਂ ਸਭਿਆਚਾਰਕ ਮਾਨਤਾਵਾਂ ਨੂੰ ਪਛਾਣ ਕੇ ਆਪਣੀਆਂ ਜੜ੍ਹਾਂ ਨਾਲ ਜੁੜਨ ਦੀ ਲੋੜ ਹੈ | ਇਸ ਮੌਕੇ ਪੰਜਾਬੀ ਵਿਭਾਗ ਦੇ ਮੁਖੀ ਡਾ. ਸੋਨੀਆ ਦੇਵੀ, ਡਾ. ਮਨਿੰਦਰਜੀਤ ਕੌਰ, ਡਾ. ਸੁਖਵਿੰਦਰ ਕੌਰ, ਸਹਾਇਕ ਪ੍ਰੋਫੈਸਰ ਸੋਨੀਆ ਪਠਾਨੀਆ, ਸਮੂਹ ਸਟਾਫ਼ ਅਤੇ ਵਿਦਿਆਰਥਣਾਂ ਹਾਜ਼ਰ ਸਨ | ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਅਤੇ ਸਮੂਹ ਕਮੇਟੀ ਮੈਂਬਰਾਂ ਨੇ ਪ੍ਰੋਗਰਾਮ ਦੀ ਸ਼ਲਾਘਾ ਕੀਤੀ ਅਤੇ ਕਿਹਾ ਕਿ ਅਜੋਕੇ ਸਮੇਂ ਵਿਚ ਵਿਦਿਆਰਥੀਆਂ ਨੂੰ ਜਾਗਰੂਕ ਕਰਨ ਲਈ ਅਜਿਹੇ ਪ੍ਰੋਗਰਾਮ ਨਿਰੰਤਰ ਕਰਵਾਏ ਜਾਣੇ ਚਾਹੀਦੇ ਹਨ |

ਪਿਛਲੀ ਖ਼ਬਰ ਚੇਅਰਮੈਨ ਸ਼ਰਮਾ ਨੇ ਪੋਸ਼ਣ, ਖ਼ੁਰਾਕ ਸੁਰੱਖਿਆ ਅਤੇ ਭਲਾਈ ਸਕੀਮਾਂ ਦੀ ਕੀਤੀ ਸਮੀਖਿਆ <br/> ਅਗਲੀ ਖ਼ਬਰ ਐਸ.ਪੀ.ਐਨ. ਕਾਲਜ ਮੁਕੇਰੀਆਂ ਵਿਖੇ ਦੋ ਰੋਜ਼ਾ ਖੇਡ ਸਮਾਗਮ ਕਰਵਾਇਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।