27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 08-11-2025

ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਲਈ ਡੀ.ਸੀ. ਨੂੰ ਦਿੱਤਾ ਮੰਗ ਪੱਤਰ

ਅਜੀਤ ਡੈਸਕ 08-11-2025
ਹੁਸ਼ਿਆਰਪੁਰ, 7 ਨਵੰਬਰ (ਬਲਜਿੰਦਰਪਾਲ ਸਿੰਘ)-ਹੁਸ਼ਿਆਰਪੁਰ ਜ਼ਿਲ੍ਹੇ ਦੇ ਹਲਕਾ ਗੜ੍ਹਸ਼ੰਕਰ ਦੇ ਪਿੰਡਾਂ ਨੂੰ ਪੰਜਾਬ ਸਰਕਾਰ ਵਲੋਂ ਨਵੇਂ ਪ੍ਰਸਤਾਵਿਤ ਜ਼ਿਲ੍ਹੇ ਸ੍ਰੀ ਅਨੰਦਪੁਰ ਸਾਹਿਬ ਨਾਲ ਜੋੜਨ ਨੂੰ ਲੈ ਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਵਫ਼ਦ ਵਲੋਂ ਪ੍ਰਧਾਨ ਐਡਵੋਕੇਟ ਪੀ.ਐਸ. ਘੁੰਮਣ ਦੀ ਅਗਵਾਈ 'ਚ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਨੂੰ ਮੰਗ ਪੱਤਰ ਦਿੱਤਾ ਗਿਆ | ਇਸ ਮੌਕੇ ਐਸੋਸੀਏਸ਼ਨ ਦੇ ਪ੍ਰਧਾਨ ਐਡਵੋਕੇਟ ਘੁੰਮਣ ਨੇ ਕਿਹਾ ਕਿ ਸਰਕਾਰ ਵਲੋਂ ਨਵੇਂ ਬਣਾਏ ਜਾ ਰਹੇ ਸ੍ਰੀ ਅਨੰਦਪੁਰ ਸਾਹਿਬ ਜ਼ਿਲ੍ਹੇ 'ਤੇ ਸਾਨੂੰ ਕੋਈ ਇਤਰਾਜ਼ ਨਹੀਂ ਹੈ, ਪ੍ਰੰਤੂ ਹੁਸ਼ਿਆਰਪੁਰ ਜ਼ਿਲ੍ਹੇ ਦੇ ਪਿੰਡਾਂ ਨੂੰ ਕੱਟ ਕੇ ਨਵੇਂ ਜ਼ਿਲ੍ਹੇ ਨਾਲ ਜੋੜਨਾ ਕਿਸੇ ਤਰ੍ਹਾਂ ਵੀ ਨਿਆਂ-ਸੰਗਤ ਨਹੀਂ ਹੈ | ਉਨ੍ਹਾਂ ਕਿਹਾ ਕਿ ਅਸੀਂ ਇਤਿਹਾਸਕ ਅਤੇ ਕੁਦਰਤੀ ਤੌਰ 'ਤੇ ਹੁਸ਼ਿਆਰਪੁਰ ਜ਼ਿਲ੍ਹੇ 'ਚੋਂ ਵਿਲੱਖਣ ਇਲਾਕਿਆਂ ਨੂੰ ਕੱਢ ਕੇ ਨਵੇਂ ਪ੍ਰਸਤਾਵਿਤ ਜ਼ਿਲ੍ਹੇ 'ਚ ਮਿਲਾਉਣ ਦਾ ਵਿਰੋਧ ਕਰਦੇ ਹਾਂ | ਉਨ੍ਹਾਂ ਕਿਹਾ ਕਿ ਇਹ ਫ਼ੈਸਲਾ ਨਾ ਸਿਰਫ਼ ਪ੍ਰਸ਼ਾਸਨਿਕ ਤੌਰ 'ਤੇ ਗਲਤ ਹੈ, ਸਗੋਂ ਭਵਿੱਖ 'ਚ ਇਸ ਦਾ ਜ਼ਿਲ੍ਹੇ ਦੀ ਆਰਥਿਕਤਾ 'ਤੇ ਵੀ ਮਾੜਾ ਅਸਰ ਪਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਦੇ ਇਸ ਫ਼ੈਸਲੇ ਨਾਲ ਵਕੀਲ ਭਾਈਚਾਰੇ ਨੂੰ ਸਭ ਤੋਂ ਵੱਧ ਨੁਕਸਾਨ ਹੋਵੇਗਾ | ਉਨ੍ਹਾਂ ਕਿਹਾ ਕਿ ਜੇਕਰ ਲੋਕ ਜਾਗਰੂਕ ਹੋ ਕੇ ਸੰਘਰਸ਼ 'ਚ ਕੁੱਦਣਗੇ ਤਾਂ ਹੀ ਇਹ ਸੰਘਰਸ਼ ਸਫਲ ਹੋਵੇਗਾ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਨਵੇਂ ਬਣਨ ਵਾਲੇ ਜ਼ਿਲ੍ਹੇ 'ਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਕਿਹੜੇ-ਕਿਹੜੇ ਇਲਾਕੇ ਸ਼ਾਮਿਲ ਕੀਤੇ ਜਾਣੇ ਹਨ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਇਸ ਸਬੰਧੀ ਕੋਈ ਗੱਲ ਨਹੀਂ ਕੀਤੀ ਜਾ ਰਹੀ, ਜਿਸ ਤੋਂ ਸਾਫ਼ ਹੈ ਕਿ ਸਰਕਾਰ ਚੁੱਪ-ਚੁਪੀਤੇ ਹੁਸ਼ਿਆਰਪੁਰ ਜ਼ਿਲ੍ਹੇ ਨੂੰ ਛੋਟਾ ਕਰਨ ਜਾ ਰਹੀ ਹੈ, ਜੋ ਨਿੰਦਣਯੋਗ ਹੈ | ਉਨ੍ਹਾਂ ਡਿਪਟੀ ਕਮਿਸ਼ਨਰ ਤੋਂ ਮੰਗ ਕੀਤੀ ਕਿ ਉਕਤ ਮੁੱਦੇ ਨੂੰ ਲੈ ਕੇ ਜ਼ਿਲ੍ਹਾ ਬਾਰ ਐਸੋਸੀਏਸ਼ਨ ਹੁਸ਼ਿਆਰਪੁਰ ਦੀ ਮੁੱਖ ਮੰਤਰੀ ਭਗਵੰਤ ਮਾਨ ਨਾਲ ਵਿਸ਼ੇਸ਼ ਮੀਟਿੰਗ ਕਰਵਾਈ ਜਾਵੇ ਤਾਂ ਜੋ ਉਨ੍ਹਾਂ ਨੂੰ ਜ਼ਿਲ੍ਹੇ ਦੇ ਪਿੰਡਾਂ ਨੂੰ ਨਵੇਂ ਪ੍ਰਸਤਾਵਿਤ ਜ਼ਿਲ੍ਹੇ ਨਾਲ ਜੋੜੇ ਜਾਣ ਕਾਰਨ ਲੋਕਾਂ ਅਤੇ ਵਕੀਲ ਭਾਈਚਾਰੇ ਨੂੰ ਹੋਣ ਵਾਲੇ ਨੁਕਸਾਨਾਂ ਤੋਂ ਜਾਣੂ ਕਰਵਾਇਆ ਜਾ ਸਕੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਐਡਵੋਕੇਟ ਨਵਜਿੰਦਰ ਸਿੰਘ ਬੇਦੀ, ਐਡਵੋਕੇਟ ਗੁਰਬੀਰ ਸਿੰਘ ਚੌਟਾਲਾ, ਐਡਵੋਕੇਟ ਵਿਕਰਮ ਸਿੰਘ, ਐਡਵੋਕੇਟ ਰਣਜੀਤ ਕੁਮਾਰ, ਐਡਵੋਕੇਟ ਬੀ.ਕੇ. ਮੈਨਨ, ਐਡਵੋਕੇਟ ਪੁਨੀਤਇੰਦਰ ਕੰਗ, ਐਡਵੋਕੇਟ ਆਕਾਸਦੀਪ ਸਿੰਘ, ਐਡਵੋਕੇਟ ਅਰਵਿੰਦਰ ਅਗਨੀਹੋਤਰੀ, ਐਡਵੋਕੇਟ ਕਾਰਤਿਕ, ਐਡਵੋਕੇਟ ਅਭੀਨਵ ਮਹਿੰਦਰੂ ਆਦਿ ਆਦਿ ਹਾਜ਼ਰ ਸਨ |

ਪਿਛਲੀ ਖ਼ਬਰ ਵੈਟਰਨਰੀ ਸਰਜਨ ਡਾ. ਜਸਪਾਲ ਸਿੰਘ ਸੰਘੇੜਾ ਦਾ ਵਧੀਆ ਸੇਵਾਵਾਂ ਬਦਲੇ ਗਰਾਮ ਪੰਚਾਇਤ ਜਲੋਟਾ ਵਲੋਂ ਵਿਸ਼ੇਸ਼ ਸਨਮਾਨ <br/... ਅਗਲੀ ਖ਼ਬਰ ਬੀਰਮਪੁਰ ਸੜਕ ਦੀ ਮਾੜੀ ਹਾਲਤ ਨੂੰ ਲੈ ਕੇ ਲੋਕਾਂ ਵਲੋਂ ਨਾਅਰੇਬਾਜ਼ੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।