ਭੰਗਾਲਾ , 6 ਨਵੰਬਰ (ਬਲਵਿੰਦਰਜੀਤ ਸਿੰਘ ਸੈਣੀ)- ਪਿ੍ੰਸੀਪਲ ਪਵਨ ਕੁਮਾਰ ਮਿਨਹਾਸ ਦੀ ਯੋਗ ਅਗਵਾਈ ਹੇਠ ਸ. ਸ. ਸ. ਸਕੂਲ, ਹਰਸੇ ਕਲੋਤਾ ਵਿਖੇ ਮਾਨਵੀ ਕਦਰਾਂ ਕੀਮਤਾਂ ਅਤੇ ਨੈਤਿਕਤਾ ਵਿਸ਼ੇ 'ਤੇ ਲੈਕਚਰ ਕਰਵਾਇਆ ਗਿਆ ਜਿਸ ਵਿਚ ਮੁੱਖ ਬੁਲਾਰੇ ਵਜੋਂ ਡਾ. ਜੈਮਨ ਪ੍ਰੀਤ ਕੌਰ (ਅਸਿਸਟੈਂਟ ਪ੍ਰੋਫੈਸਰ, ਗੁਰੂ ਨਾਨਕ ਦੇਵ ਯੂਨੀਵਰਸਿਟੀ ਰੀਜਨਲ ਕੈਂਪਸ, ਗੁਰਦਾਸਪੁਰ) ਨੇ ਸ਼ਿਰਕਤ ਕੀਤੀ | ਉਨ੍ਹਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਮਾਨਵੀ ਕਦਰਾਂ ਕੀਮਤਾਂ ਅਤੇ ਨੈਤਿਕਤਾ ਦੀ ਮਹੱਤਤਾ ਬਾਰੇ ਦੱਸਿਆ ਅਤੇ ਅਜੋਕੇ ਸਮੇਂ ਵਿਚ ਇਸ ਦੀ ਜ਼ਰੂਰਤ ਬਾਰੇ ਚਾਨਣਾ ਪਾਇਆ | ਉਨ੍ਹਾਂ ਗੱਲਬਾਤ ਕਰਦਿਆਂ ਦੱਸਿਆ ਕਿ ਛੋਟੇ ਬੱਚਿਆਂ ਨੂੰ ਨੈਤਿਕ ਅਤੇ ਅਨੈਤਿਕ ਦਾ ਗਿਆਨ ਨਹੀਂ ਹੁੰਦਾ | ਇਸ ਲਈ ਬੱਚਿਆਂ ਨੂੰ ਸਕੂਲੀ ਪੱਧਰ ਤੇ ਜਾਗਰੂਕ ਕਰਨਾ ਬਹੁਤ ਜ਼ਰੂਰੀ ਹੈ ਅਤੇ ਇਹ ਸਾਰਾ ਪ੍ਰਭਾਵ ਮੁੱਖ ਤੌਰ 'ਤੇ ਪਰਵਰਿਸ਼ ਅਤੇ ਪਰਿਵਾਰਕ ਮੁਹਾਂਦਰੇ ਤੇ ਨਿਰਭਰ ਕਰਦਾ ਹੈ | ਡਾ. ਜੈਮਨ ਪ੍ਰੀਤ ਕੌਰ ਨੇ ਵਿਦਿਆਰਥੀਆਂ ਦੇ ਪੱਧਰ ਤੇ ਜਾ ਕੇ ਬਹੁਤ ਹੀ ਸਰਲ ਢੰਗ ਨਾਲ ਇਸ ਵਿਸ਼ੇ ਦੇ ਬਾਰੇ ਜਾਣਕਾਰੀ ਦਿੱਤੀ ਜਿਸ ਨੂੰ ਵਿਦਿਆਰਥੀਆਂ ਨੇ ਬਹੁਤ ਪਸੰਦ ਕੀਤਾ ਅਤੇ ਇਸ ਨੂੰ ਆਪਣੇ ਜੀਵਨ ਵਿਚ ਢਾਲਣ ਦਾ ਪ੍ਰਣ ਲਿਆ | ਉਨ੍ਹਾਂ ਵੱਲੋਂ ਸਾਰੇ ਸਕੂਲ ਦੇ ਬੱਚਿਆਂ ਨੂੰ ਚੰਗਾ ਇਨਸਾਨ ਬਣਨ ਲਈ ਅਤੇ ਪੜ੍ਹਾਈ ਦੇ ਖੇਤਰ ਵਿਚ ਵੱਧ ਤੋਂ ਵੱਧ ਤਰੱਕੀ ਕਰਨ ਲਈ ਪੇ੍ਰਰਨਾ ਦਿੱਤੀ ਗਈ | ਇਸ ਪ੍ਰੋਗਰਾਮ ਦੇ ਮੁੱਖ ਕੋਆਰਡੀਨੇਟਰ ਸ: ਗੁਰਦੇਵ ਸਿੰਘ ਦਿਓ ਰਹੇ | ਡਾ. ਜੈਮਨ ਪ੍ਰੀਤ ਕੌਰ ਨੇ ਪਿ੍ੰਸੀਪਲ ਪਵਨ ਕੁਮਾਰ ਮਿਨਹਾਸ ਅਤੇ ਉਨ੍ਹਾਂ ਦੀ ਸਾਰੀ ਟੀਮ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਭਵਿੱਖ ਵਿਚ ਵੀ ਇਸ ਉਪਰਾਲੇ ਨੂੰ ਜਾਰੀ ਰੱਖਣ ਦੀ ਗੱਲ ਕੀਤੀ | ਅੰਤ ਵਿਚ ਪਿ੍ੰਸੀਪਲ ਪਵਨ ਕੁਮਾਰ ਮਿਨਹਾਸ, ਸ: ਗੁਰਦੇਵ ਸਿੰਘ ਦਿਓ ਅਤੇ ਸਮੂਹ ਅਧਿਆਪਕਾਂ ਨੇ ਡਾ. ਜੈਮਨ ਪ੍ਰੀਤ ਕੌਰ ਨੂੰ ਸਨਮਾਨਿਤ ਕੀਤਾ |