ਹੁਸ਼ਿਆਰਪੁਰ, 6 ਨਵੰਬਰ (ਨਰਿੰਦਰ ਸਿੰਘ ਬੱਡਲਾ, ਹਰਪ੍ਰੀਤ ਕੌਰ)-ਜਿਲ੍ਹਾ ਵਾਲੀਬਾਲ ਐਸੋਸੀਏਸ਼ਨ ਵੱਲੋਂ ਸਬ ਜੂਨੀਅਰ ਸਟੇਟ ਵਾਲੀਬਾਲ ਚੈਂਪੀਅਨਸ਼ਿਪ ਅੰਡਰ-16 ਲੜਕੇ ਲੜਕੀਆਂ 8 ਤੋਂ 10 ਨਵੰਬਰ ਤੱਕ ਸਿਲਵਰ ਓਕ ਇੰਟਰਨੈਸ਼ਨਲ ਸਕੂਲ ਮਿਆਣੀ ਰੋਡ ਟਾਂਡਾ (ਸਹਿਬਾਜਪੁਰ) ਵਿਖੇ ਕਰਵਾਈ ਜਾ ਰਹੀ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਡੀ.ਵੀ.ਏ. ਦੇ ਜਿਲ੍ਹਾ ਪ੍ਰਧਾਨ ਜਸਪ੍ਰੀਤ ਸਿੰਘ ਰਾਪੁਰ, ਜਨਰਲ ਸਕੱਤਰ ਰਾਵਲ ਸਿੰਘ ਦਾਤਾ ਅਤੇ ਜੁਆਇੰਟ ਸਕੱਤਰ ਗੁਰਪ੍ਰੀਤ ਸਿੰਘ ਜਹੁਰਾ ਨੇ ਦੱਸਿਆ ਕਿ ਇਸ ਟੂਰਨਾਮੈਂਟ 'ਚ ਵੱਖ-ਵੱਖ ਜਿੱਲਿ੍ਹਆ ਤੋਂ ਟੀਮਾਂ ਭਾਗ ਲੈਣਗੀਆਂ ਅਤੇ ਜੇਤੂ ਟੀਮਾਂ ਨੂੰ ਦਿਲਖਿੱਚਵੇਂ ਇਨਾਮ ਦਿੱਤੇ ਜਾਣਗੇ | ਉਨ੍ਹਾਂ ਦੱਸਿਆ ਕਿ 8 ਨਵੰਬਰ ਨੂੰ ਟੂਰਨਾਮੈਂਟ ਦਾ ਉਦਘਾਟਨ ਵਿਧਾਇਕ ਜਸਵੀਰ ਸਿੰਘ ਰਾਜਾ ਅਤੇ ਡਿਪਟੀ ਕਮਿਸ਼ਨਰ ਆਸ਼ਿਕਾ ਜੈਨ ਸਾਂਝੇ ਤੌਰ 'ਤੇ ਕਰਨਗੇ | ਉਨ੍ਹਾਂ ਦੱਸਿਆ ਕਿ ਟੂਰਨਾਮੈਂਟ ਦੇ ਆਖ਼ਰੀ ਦਿਨ ਮੁੱਖ ਮਹਿਮਾਨ ਵਜੋਂ ਸਾਂਸਦ ਡਾ. ਰਾਜ ਕੁਮਾਰ ਚੱਬੇਵਾਲ ਹਾਜ਼ਰ ਹੋਣਗੇ ਅਤੇ ਜੇਤੂ ਟੀਮਾਂ ਨੂੰ ਇਨਾਮਾਂ ਦੀ ਵੰਡ ਕਰਨਗੇ | ਇਸ ਮੌਕੇ ਡਾ. ਰਾਜ ਕੁਮਾਰ ਨੇ ਕਿਹਾ ਕਿ ਸੂਬਾ ਸਰਕਾਰ ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਵਿਸ਼ੇਸ਼ ਯਤਨ ਕਰ ਰਹੀ ਹੈ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਅਤੇ ਹੋਰਨਾਂ ਭੈੜੀਆਂ ਅਲਾਮਤਾਂ ਤੋਂ ਬਚਾਇਆ ਜਾ ਸਕੇ ਅਤੇ ਉਨ੍ਹਾਂ ਦੇ ਹੁਨਰ ਨੂੰ ਹੋਰ ਨਿਖਾਰਿਆ ਜਾ ਸਕੇ |