ਹੁਸ਼ਿਆਰਪੁਰ, 6 ਨਵੰਬਰ (ਬਲਜਿੰਦਰਪਾਲ ਸਿੰਘ)-ਪ੍ਰਮੁੱਖ ਅਧਿਆਤਮਿਕ ਮਾਰਗ-ਦਰਸ਼ਕ ਅਤੇ ਟ੍ਰਡੀਸ਼ਨਲ ਸੰਜੀਵਨੀ ਰੇਕੀ ਗ੍ਰੈਂਡ ਮਾਸਟਰ ਮੈਡਮ ਸੰਗੀਤਾ ਮਿੱਤਲ ਨੇ ਅੰਮਿ੍ਤਮ ਡਿਵਾਈਨ ਵੈਲੀ 'ਚ ਦੇਵ ਦੀਵਾਲੀ ਅਤੇ ਕੱਤਕ ਦੀ ਪੂਰਨਮਾਸ਼ੀ ਮੌਕੇ ਧਿਆਨ-ਯੋਗ ਕਰਨ ਦੀ ਸਿੱਖਿਆ ਦਿੱਤੀ ਅਤੇ ਸਾਰਿਆਂ ਨੂੰ ਗੁਰਪੁਰਬ ਦੀ ਵਧਾਈ ਵੀ ਦਿੱਤੀ | ਇਸ ਮੌਕੇ ਉਨ੍ਹਾਂ ਕਿਹਾ ਕਿ ਇਹ ਬੇਹੱਦ ਸ਼ੁੱਭ ਸੰਯੋਗ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਅਤੇ ਦੇਵ ਦੀਵਾਲੀ ਇਕ ਹੀ ਦਿਨ ਕੱਤਕ ਦੀ ਪੂਰਨਮਾਸ਼ੀ ਨੂੰ ਆਏ ਹਨ | ਉਨ੍ਹਾਂ ਕਿਹਾ ਕਿ ਇਸ ਪਵਿੱਤਰ ਮੌਕੇ 'ਤੇ ਧਿਆਨ ਲਗਾਉਣ ਦੀ ਮਹੱਤਤਾ ਕਈ ਗੁਣਾ ਵੱਧ ਜਾਂਦੀ ਹੈ ਅਤੇ ਇਸ ਦਿਨ ਕੀਤਾ ਗਿਆ ਧਿਆਨ-ਯੋਗ ਖ਼ੁਦ ਨੂੰ ਸ਼ਕਤੀਸ਼ਾਲੀ ਬਣਾਉਣ 'ਚ ਸਹਾਇਕ ਹੁੰਦਾ ਹੈ | ਉਨ੍ਹਾਂ ਕਿਹਾ ਕਿ ਧਿਆਨ ਲਗਾਉਣ ਵਾਲਾ ਵਿਅਕਤੀ ਇਕ ਸੂਰਜ ਦੇ ਸਮਾਨ ਹੁੰਦਾ ਹੈ, ਜੋ ਸਾਰਿਆਂ ਨੂੰ ਇਕ-ਸਮਾਨ ਰੌਸ਼ਨੀ ਦਿੰਦਾ ਹੈ | ਉਨ੍ਹਾਂ ਕਿਹਾ ਕਿ ਜੋ ਲੋਕ ਅੰਮਿ੍ਤਮ ਕਿਰਿਆ ਸਿੱਖ ਚੁੱਕੇ ਹਨ, ਉਨ੍ਹਾਂ ਨੂੰ ਹਰ ਰੋਜ਼ ਪ੍ਰਮਾਤਮਾ ਦਾ ਧਿਆਨ ਕਰਨਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਧਿਆਨ ਲਗਾਉਣ ਲਈ ਇਕ ਨਿਸ਼ਚਿਤ ਸਥਾਨ ਦੀ ਚੋਣ ਕੀਤੀ ਜਾਵੇ ਅਤੇ ਘੱਟ ਤੋਂ ਘੱਟ 45 ਮਿੰਟ ਲਈ ਧਿਆਨ ਲਗਾਇਆ ਜਾਵੇ | ਉਨ੍ਹਾਂ ਕਿਹਾ ਕਿ ਮਹਾਤਮਾ ਬੁੱਧ ਸਮੇਂ ਵਿਚਾਰ ਬਹੁਤ ਘੱਟ ਸਨ, ਕੰਮਕਾਰ ਅਤੇ ਵਪਾਰ ਵੀ ਘੱਟ ਸੀ, ਜਿਸ ਦੇ ਚੱਲਦਿਆਂ ਵਿਚਾਰਾਂ ਦੀ ਭੀੜ ਵੀ ਘੱਟ ਸੀ, ਪ੍ਰੰਤੂ ਹੁਣ ਇਸ 'ਚ ਵਾਧਾ ਹੋ ਗਿਆ ਹੈ | ਸਮਾਗਮ ਦੇ ਆਖੀਰ 'ਚ ਮੈਡਮ ਸੰਗੀਤਾ ਮਿੱਤਲ ਨੇ ਜਿਗਿਆਸੂਆਂ ਦੇ ਸਵਾਲਾਂ ਦੇ ਜਵਾਬ ਦਿੱਤੇ |