ਹੁਸ਼ਿਆਰਪੁਰ, 6 ਨਵੰਬਰ (ਹਰਪ੍ਰੀਤ ਕੌਰ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਸ੍ਰੀ ਨਨਕਾਣਾ ਸਾਹਿਬ ਮੱਥਾ ਟੇਕਣ ਜਾ ਰਹੇ ਹਿੰਦੂ ਸਮਾਜ ਦੇ ਲੋਕਾਂ ਨੂੰ ਪਾਕਿਸਤਾਨ ਇੰਮੀਗਰੇਸ਼ਨ ਅਧਿਕਾਰੀਆਂ ਵਲੋਂ ਸਾਰੇ ਦਸਤਾਵੇਜ਼ ਮੁਕੰਮਲ ਹੋਣ ਦੇ ਬਾਵਜੂਦ ਸ੍ਰੀ ਨਨਕਾਣਾ ਸਾਹਿਬ ਜਾਣ ਤੋਂ ਰੋਕਣ ਦਾ ਕੜਾ ਨੋਟਿਸ ਲੈਂਦਿਆਂ ਸਾਬਕਾ ਰਾਜ ਸਭਾ ਮੈਂਬਰ ਅਵਿਨਾਸ਼ ਰਾਏ ਖੰਨਾ ਨੇ ਇਸ ਨੂੰ ਪਾਕਿਸਤਾਨ ਦੀ ਹਿੰਦੂ-ਸਿੱਖ ਭਾਈਚਾਰੇ 'ਚ ਫੁੱਟ ਪਾਉਣ ਦੀ ਘਟੀਆ ਕਰਤੂਤ ਕਰਾਰ ਦਿੱਤਾ ਹੈ | ਸ੍ਰੀ ਖੰਨਾ ਨੇ ਇਸ ਮਾਮਲੇ ਸਬੰਧੀ ਕੇਂਦਰੀ ਵਿਦੇਸ਼ ਮੰਤਰੀ ਡਾ. ਐਸ. ਜੈ ਸ਼ੰਕਰ ਨੂੰ ਪੱਤਰ ਲਿਖ ਕੇ ਪਾਕਿਸਤਾਨ ਦੀ ਇਸ ਘਟੀਆ ਕਰਤੂਤ ਵਿਰੁੱਧ ਸਖਤ ਐਕਸ਼ਨ ਲੈਣ ਦੀ ਮੰਗ ਕੀਤੀ ਹੈ | ਖੰਨਾ ਨੇ ਕਿਹਾ ਕਿ ਹਿੰਦੂ-ਸਿੱਖ ਭਾਈਚਾਰੇ ਅੰਦਰ ਸ੍ਰੀ ਗੁਰੂ ਨਾਨਕ ਦੇਵ ਨੂੰ ਲੈ ਕੇ ਇਕ ਸਮਾਨ ਮਾਨਤਾ ਹੈ ਪਰ ਪਾਕਿਸਤਾਨ ਨੇ ਅਜਿਹਾ ਕਰਕੇ ਜਿੱਥੇ ਹਿੰਦੂ-ਸਿੱਖ ਭਾਈਚਾਰੇ ਅੰਦਰ ਦਰਾਰ ਪਾਉਣ ਦੀ ਕੋਸ਼ਿਸ਼ ਕੀਤੀ ਹੈ, ਉੱਥੇ ਧਰਮ 'ਤੇ ਵੀ ਹਮਲਾ ਕੀਤਾ ਹੈ |