14-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2025

ਦਸਮੇਸ਼ ਗਰਲਜ਼ ਕਾਲਜ ਨੇ ਹਿੰਦੀ ਦਿਵਸ ਮਨਾਇਆ

ਅਜੀਤ ਡੈਸਕ 24-09-2025
ਮੁਕੇਰੀਆਂ, 23 ਸਤੰਬਰ (ਰਾਮਗੜ੍ਹੀਆ)- ਦਸਮੇਸ਼ ਗਰਲਜ਼ ਕਾਲਜ ਚੱਕ ਅੱਲ੍ਹਾ ਬਖ਼ਸ਼ ਮੁਕੇਰੀਆਂ ਵਿਚ ਪਿ੍ੰਸੀਪਲ ਡਾ. ਕਰਮਜੀਤ ਕੌਰ ਬਰਾੜ ਦੀ ਅਗਵਾਈ ਹੇਠਾਂ ਕਾਲਜ ਦੀ 'ਇਕ ਭਾਰਤ ਸੇ੍ਰਸ਼ਠ ਭਾਰਤ' ਕਮੇਟੀ, 'ਹਿੰਦੀ ਸਾਹਿੱਤ ਪ੍ਰੀਸ਼ਦ' ਅਤੇ 'ਪੋਸਟ ਗਰੈਜੂਏਟ ਹਿੰਦੀ ਵਿਭਾਗ' ਵਲੋਂ ਹਿੰਦੀ ਦਿਵਸ ਨੂੰ ਬਹੁਤ ਹੀ ਉਤਸ਼ਾਹ ਨਾਲ ਮਨਾਇਆ ਗਿਆ | ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਗਾਇਣ ਰਾਹੀਂ ਕੀਤੀ ਗਈ | ਇਸ ਮੌਕੇ 'ਤੇ ਵਿਦਿਆਰਥਣਾਂ ਦੇ ਕਹਾਣੀ, ਨਿਬੰਧ, ਕਵਿਤਾ ਲੇਖਣ ਮੁਕਾਬਲੇ ਕਰਵਾਏ ਗਏ ਅਤੇ ਜੇਤੂ ਵਿਦਿਆਰਥਣਾਂ ਨੂੰ ਸਨਮਾਨਿਤ ਕੀਤਾ ਗਿਆ | ਹਿੰਦੀ ਦਿਵਸ ਮੌਕੇ 'ਤੇ ਪਿ੍ੰਸੀਪਲ ਡਾ. ਕਰਮਜੀਤ ਕੌਰ ਨੇ ਵਿਦਿਆਰਥਣਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹਿੰਦੀ ਭਾਰਤ ਦੀ ਹਰਮਨ ਪਿਆਰੀ ਭਾਸ਼ਾ ਬਣ ਚੁੱਕੀ ਹੈ | 14 ਸਤੰਬਰ 1949 ਨੂੰ ਦੇਵਨਾਗਰੀ ਲਿਪੀ ਵਿਚ ਲਿਖੀ ਹਿੰਦੀ ਨੂੰ ਭਾਰਤ ਦੀ ਅਧਿਕਾਰਕ ਭਾਸ਼ਾ ਵਜੋਂ ਸਵੀਕਾਰਿਆ ਗਿਆ ਸੀ | ਪਹਿਲਾ ਹਿੰਦੀ ਦਿਵਸ 14 ਸਤੰਬਰ 1953 ਨੂੰ ਮਨਾਇਆ ਗਿਆ ਸੀ | ਤਕਨੀਕੀ ਵਰਤੋਂ ਨੇ ਹਿੰਦੀ ਨੂੰ ਇਕ ਗਲੋਬਲ ਭਾਸ਼ਾ ਵਜੋਂ ਸਥਾਪਤ ਕੀਤਾ ਹੈ | ਹਿੰਦੀ ਸਾਡੀ ਰਾਸ਼ਟਰੀ ਭਾਸ਼ਾ ਹੈ ਅਤੇ ਸਰਕਾਰੀ ਕੰਮਾਂ ਵਿਚ ਵਰਤੋਂ ਹੋਣ ਕਰਕੇ ਮਹੱਤਵ ਰੱਖਦੀ ਹੈ | ਵਿਦੇਸ਼ਾਂ ਵਿਚ ਵੀ ਇਸ ਦਾ ਪ੍ਰਚਲਣ ਵਧ ਰਿਹਾ ਹੈ | 2009 ਵਿਚ ਗੂਗਲ ਨੇ ਆਪਣੇ ਸਰਚ ਇੰਜਣ 'ਚ ਹਿੰਦੀ ਸ਼ੁਰੂ ਕੀਤੀ ਸੀ | ਦੁਨੀਆਂ ਦੇ 150 ਤੋਂ ਵੱਧ ਦੇਸ਼ਾਂ ਵਿਚ ਬੋਲੀ ਜਾਣ ਵਾਲੀ ਭਾਸ਼ਾ ਹਿੰਦੀ ਹੈ | ਹਿੰਦੀ ਦਿਵਸ ਨਾ ਸਿਰਫ਼ ਹਿੰਦੀ ਭਾਸ਼ਾ ਦੇ ਮਹੱਤਵ ਨੂੰ ਸਵੀਕਾਰ ਕਰਨ ਦਾ ਦਿਨ ਹੈ, ਸਗੋਂ ਇਹ ਸਾਨੂੰ ਯਾਦ ਕਰਵਾਉਂਦਾ ਹੈ ਕਿ ਭਾਸ਼ਾ ਰਾਹੀਂ ਅਸੀਂ ਆਪਣੀ ਸਭਿਆਚਾਰਕ ਪਛਾਣ ਅਤੇ ਸਮਾਜਿਕ ਮੁੱਲ ਨੂੰ ਕਿਵੇਂ ਸਮਝ ਸਕਦੇ ਹਾਂ | ਇਸ ਮੌਕੇ 'ਤੇ ਹਿੰਦੀ ਵਿਭਾਗ ਦੇ ਮੁਖੀ ਡਾ. ਰੀਨਾ ਕੁਮਾਰੀ, ਸਹਾਇਕ ਪ੍ਰੋਫੈਸਰ ਮਾਨਵ, ਸਹਾਇਕ ਪ੍ਰੋਫੈਸਰ ਰੂਪਾਲੀ, 'ਇਕ ਭਾਰਤ ਸੇ੍ਰਸ਼ਠ ਭਾਰਤ' ਕਮੇਟੀ ਦੀ ਇੰਚਾਰਜ ਸਹਾਇਕ ਪ੍ਰੋਫੈਸਰ ਸੁਰਭੀ ਅਬਰੋਲ ਅਤੇ ਵਿਦਿਆਰਥਣਾਂ ਹਾਜ਼ਰ ਸਨ | ਸ੍ਰੀ ਗੁਰੂ ਗੋਬਿੰਦ ਸਿੰਘ ਐਜੂਕੇਸ਼ਨਲ ਚੈਰੀਟੇਬਲ ਟਰੱਸਟ ਦੇ ਚੇਅਰਮੈਨ ਰਵਿੰਦਰ ਸਿੰਘ ਚੱਕ ਅਤੇ ਸਮੂਹ ਕਮੇਟੀ ਮੈਂਬਰ ਸਾਹਿਬਾਨਾਂ ਨੇ ਪ੍ਰੋਗਰਾਮ ਦੀ ਪ੍ਰਸੰਸਾ ਕਰਦਿਆਂ ਭਵਿੱਖ 'ਚ ਵੀ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਉਣ ਲਈ ਪ੍ਰੇਰਿਤ ਕੀਤਾ |
ਪਿਛਲੀ ਖ਼ਬਰ 100 ਹਰੇ ਦਰੱਖਤਾਂ ਦੀ ਕਟਾਈ ਨੂੰ ਰੁਕਵਾਉਣ ਲਈ ਡਿਪਟੀ ਕਮਿਸ਼ਨਰ ਦਿੱਤਾ ਮੰਗ ਪੱਤਰ ਅਗਲੀ ਖ਼ਬਰ ਮੈਂ ਲੋਕਾਂ ਦੇ ਕੰਮਾਂ ਤੋਂ ਭੱਜਾਂਗਾ ਨਹੀਂ - ਕਰਮਵੀਰ ਸਿੰਘ ਘੁੰਮਣ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।