ਹੁਸ਼ਿਆਰਪੁਰ, 20 ਜੁਲਾਈ (ਬਲਜਿੰਦਰਪਾਲ ਸਿੰਘ)-ਡੀ.ਏ.ਵੀ. ਕਾਲਜ ਹੁਸ਼ਿਆਰਪੁਰ ਨੇ ਅੱਠਵੀਂ ਵਾਰ ਦੇਸ਼ ਦੇ ਸਭ ਤੋਂ ਵਧੀਆ ਕਾਲਜਾਂ ਦੀ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ | ਖ਼ੁਸ਼ੀ ਪ੍ਰਗਟ ਕਰਦੇ ਹੋਏ ਪਿ੍ੰਸੀਪਲ ਡਾ. ਵਿਨੈ ਕੁਮਾਰ ਨੇ ਦੱਸਿਆ ਕਿ 2024-25 'ਚ ਵੱਕਾਰੀ ਮੈਗਜ਼ੀਨ 'ਇੰਡੀਆ ਟੂਡੇ' ਦੁਆਰਾ ਵਿੱਦਿਅਕ ਸੰਸਥਾਵਾਂ ਲਈ ਇਕ ਸਰਵੇਖਣ ਕੀਤਾ ਗਿਆ ਸੀ | ਜਿਸ ਲਈ ਸਭ ਤੋਂ ਵਧੀਆ ਬੁਨਿਆਦੀ ਢਾਂਚਾ, ਫੈਕਲਟੀ, ਪਲੇਸਮੈਂਟ, ਖੋਜ ਕਾਰਜ, ਪ੍ਰੀਖਿਆ ਨਤੀਜੇ ਆਦਿ ਵਰਗੇ ਕਈ ਮਾਪਦੰਡ ਨਿਰਧਾਰਿਤ ਕੀਤੇ ਗਏ ਸਨ | ਇਸ ਸਰਵੇਖਣ 'ਚ ਹਿੱਸਾ ਲੈਣ ਵਾਲੇ ਪੰਜਾਬ 'ਚ ਸਥਿਤ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੁਆਰਾ ਮਾਨਤਾ ਪ੍ਰਾਪਤ ਵੱਖ-ਵੱਖ ਸੰਸਥਾਵਾਂ 'ਚੋਂ, ਡੀ.ਏ.ਵੀ. ਕਾਲਜ, ਹੁਸ਼ਿਆਰਪੁਰ ਨੇ ਇਨ੍ਹਾਂ ਮਾਪਦੰਡਾਂ ਨੂੰ ਪੂਰਾ ਕੀਤਾ ਅਤੇ ਬੀ.ਸੀ.ਏ. ਅਤੇ ਬੀ.ਐਸ.ਸੀ. ਕੋਰਸਾਂ 'ਚ ਪਹਿਲਾ ਸਥਾਨ ਪ੍ਰਾਪਤ ਕੀਤਾ | ਜਦਕਿ ਸੰਸਥਾ ਨੇ ਬੀ.ਕਾਮ. ਅਤੇ ਬੀ.ਏ. ਕੋਰਸ 'ਚ ਦੂਜਾ ਸਥਾਨ ਪ੍ਰਾਪਤ ਕੀਤਾ ਹੈ | ਇਸ ਸ਼ਾਨਦਾਰ ਪ੍ਰਾਪਤੀ ਦੇ ਨਾਲ ਸੰਸਥਾ ਨੂੰ ਹੁਸ਼ਿਆਰਪੁਰ ਜ਼ਿਲ੍ਹੇ ਦੇ ਸਾਰੇ ਵਿੱਦਿਅਕ ਅਦਾਰਿਆਂ ਵਿਚੋਂ ਪਹਿਲਾ ਸਥਾਨ ਪ੍ਰਾਪਤ ਕਰਨ ਦਾ ਮਾਣ ਵੀ ਪ੍ਰਾਪਤ ਹੋਇਆ ਹੈ | ਕਾਲਜ ਮੈਨੇਜਿੰਗ ਕਮੇਟੀ ਦੇ ਪ੍ਰਧਾਨ ਡਾ. ਅਨੂਪ ਕੁਮਾਰ ਨੇ ਇਸ ਪ੍ਰਾਪਤੀ ਦਾ ਸਿਹਰਾ ਅਧਿਆਪਕਾਂ ਅਤੇ ਵਿਦਿਆਰਥੀਆਂ ਦੀ ਸਖ਼ਤ ਮਿਹਨਤ ਨੂੰ ਦਿੱਤਾ | ਉਨ੍ਹਾਂ ਵਿਸ਼ੇਸ਼ ਤੌਰ 'ਤੇ ਆਈ.ਕਿਊ.ਏ.ਸੀ. ਕੋਆਰਡੀਨੇਟਰ ਐਸੋਸੀਏਟ ਪ੍ਰੋਫੈਸਰ ਟਰੇਸੀ ਕੋਹਲੀ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ ਦਿੱਤੀ, ਜਿਨ੍ਹਾਂ ਨੇ ਇਸ ਕਾਰਜ ਨੂੰ ਪੂਰਾ ਕਰਨ 'ਚ ਸਰਗਰਮ ਭੂਮਿਕਾ ਨਿਭਾਈ | ਸਕੱਤਰ ਆਰ.ਐਮ. ਭੱਲਾ ਨੇ ਆਪਣੇ ਵਧਾਈ ਸੰਦੇਸ਼ 'ਚ ਕਿਹਾ ਕਿ ਸ਼ਤਾਬਦੀ ਸਾਲ 'ਚ ਪ੍ਰਵੇਸ਼ ਕਰਕੇ, ਸੰਸਥਾ ਅਕਾਦਮਿਕ, ਖੇਡਾਂ, ਪਲੇਸਮੈਂਟ, ਸੱਭਿਆਚਾਰਕ ਗਤੀਵਿਧੀਆਂ ਆਦਿ ਵਿਚ ਨਵੀਆਂ ਉਚਾਈਆਂ ਨੂੰ ਛੂਹ ਰਹੀ ਹੈ |