ਹੁਸ਼ਿਆਰਪੁਰ, 20 ਜੁਲਾਈ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਕਮਿਸ਼ਨਰ ਫੂਡ ਐਂਡ ਡਰੱਗ ਐਡਮਿਨਿਸਟਰੇਸ਼ਨ ਪੰਜਾਬ ਦਿਲਰਾਜ ਸਿੰਘ ਅਤੇ ਡਿਪਟੀ ਕਮਿਸ਼ਨਰ ਅਸ਼ਿਕਾ ਜੈਨ ਦੇ ਹੁਕਮਾਂ ਤੇ ਸਿਵਲ ਸਰਜਨ ਹੁਸ਼ਿਆਰਪੁਰ ਡਾ: ਪਵਨ ਕੁਮਾਰ ਸ਼ਗੋਤਰਾ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਸਿਹਤ ਅਫ਼ਸਰ ਡਾ. ਜਤਿੰਦਰ ਕੁਮਾਰ ਭਾਟੀਆ ਅਤੇ ਫੂਡ ਸੇਫ਼ਟੀ ਟੀਮ ਹੁਸ਼ਿਆਰਪੁਰ ਵਲੋਂ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬਾਗਪੁਰ-ਸਤੌਰ 'ਚ 'ਅੱਜ ਤੋਂ ਥੋੜਾ ਘੱਟ - ਈਟ ਰਾਈਟ' ਮੁਹਿੰਮ ਤਹਿਤ ਖਾਧ ਸੁਰੱਖਿਆ ਜਾਗਰੂਕਤਾ ਕੈਂਪ ਲਗਾਇਆ ਗਿਆ | ਫੂਡ ਸੇਫ਼ਟੀ ਟੀਮ ਵਿਚ ਫੂਡ ਸੇਫ਼ਟੀ ਅਫ਼ਸਰ ਮੁਨੀਸ਼ ਸੋਢੀ ਅਤੇ ਐਲ.ਟੀ. ਰਾਜਵਿੰਦਰ ਕੌਰ ਸ਼ਾਮਿਲ ਸਨ | ਇਸ ਕੈਂਪ 'ਚ ਵਿਦਿਆਰਥੀਆਂ ਅਤੇ ਸਟਾਫ਼ ਨੂੰ ਰੋਜ਼ਾਨਾ ਦੇ ਭੋਜਨ ਵਿਚ ਤੇਲ ਅਤੇ ਚੀਨੀ ਦੀ ਖਪਤ ਘਟਾਉਣ ਸਬੰਧੀ ਜਾਣਕਾਰੀ ਦਿੱਤੀ ਗਈ | ਕੈਂਪ ਦੌਰਾਨ ਜ਼ਿਲ੍ਹਾ ਸਿਹਤ ਅਫ਼ਸਰ ਡਾ.ਜਤਿੰਦਰ ਭਾਟੀਆ ਵਲੋਂ ਵਿਦਿਆਰਥੀਆਂ ਨੂੰ 'ਆਇਲ ਬੋਰਡ' ਅਤੇ 'ਸ਼ੂਗਰ ਬੋਰਡ' ਵਿਖਾ ਕੇ ਉਚਿਤ ਖਪਤ ਦੀ ਮਹੱਤਤਾ ਦੱਸੀ ਗਈ | ਡਾ. ਭਾਟੀਆ ਨੇ ਕਿਹਾ ਕਿ ਸਿਹਤਮੰਦ ਰਹਿਣ ਲਈ ਜ਼ਰੂਰੀ ਹੈ ਕਿ ਅੱਜ ਤੋਂ ਹੀ ਖਾਣੇ 'ਚ ਨਮਕ ਅਤੇ ਖੰਡ ਘਟਾਉਣਾ ਸ਼ੁਰੂ ਕਰ ਦਿਓ |