ਗੜ੍ਹਸ਼ੰਕਰ, 19 ਜੁਲਾਈ (ਧਾਲੀਵਾਲ)- ਭਾਜਪਾ ਦੀ ਹਲਕਾ ਇੰਚਾਰਜ ਨਿਮਿਸ਼ਾ ਮਹਿਤਾ ਵਲੋਂ ਹਲਕਾ ਗੜ੍ਹਸ਼ੰਕਰ ਦੇ ਵੱਖ-ਵੱਖ ਪਿੰਡਾਂ 'ਚ ਫ਼ਲਦਾਰ ਅਤੇ ਛਾਂਦਾਰ ਬੂਟੇ ਲਗਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਉਨ੍ਹਾਂ ਵਲੋਂ ਪਿੰਡਾਂ ਦੀਆਂ ਸਾਂਝੀਆਂ ਥਾਵਾਂ ਜਿਵੇਂ ਸਰਕਾਰੀ ਸਕੂਲ, ਪੰਚਾਇਤ ਘਰ, ਖੇਡ ਮੈਦਾਨ, ਸ਼ਮਸ਼ਾਨ ਘਾਟ ਅਤੇ ਧਾਰਮਿਕ ਸਥਾਨਾਂ 'ਤੇ ਬੂਟੇ ਲਗਵਾਏ ਜਾ ਰਹੇ ਹਨ | ਉਨ੍ਹਾਂ ਵਲੋਂ ਪਿੰਡਾਂ ਵਿਚ ਬੂਟਿਆਂ ਦੇ ਨਾਲ ਨਾਲ ਨਰੇਗਾ ਸੇਵਕਾਂ ਨੂੰ ਠੰਡਾ ਪਾਣੀ ਉਪਲਬੱਧ ਕਰਵਾਉਣ ਲਈ ਵਾਟਰ ਕੂਲਰ ਵੀ ਭੇਟ ਕੀਤੇ ਜਾ ਰਹੇ ਹਨ | ਨਿਮਿਸ਼ਾ ਮਹਿਤਾ ਨੇ ਵੱਖ-ਵੱਖ ਪਿੰਡਾਂ 'ਚ ਬੂਟੇ ਲਗਾਓ, ਵਾਤਾਵਰਨ ਬਚਾਓ ਦਾ ਨਾਅਰਾ ਦਿੰਦਿਆਂ ਕਿਹਾ ਕਿ ਉਨ੍ਹਾਂ ਵਲੋਂ ਪਿੰਡਾਂ ਵਿਚ ਪਿਛਲੇ ਸਾਲ ਵੀ ਸਵਾ ਸੌ ਪਿੰਡਾਂ ਵਿਚ ਪਿੱਪਲ, ਬੋਹੜ, ਨਿੰਮ ਅਤੇ ਪਿਲਕਣ ਦੇ ਬੂਟੇ ਲਗਵਾਏ ਸਨ ਜੋ ਪ੍ਰਦੂਸ਼ਣ ਨੂੰ ਖਤਮ ਕਰਨ 'ਚ ਕਾਰਗਰ ਸਿੱਧ ਹੁੰਦੇ ਹਨ | ਉਨ੍ਹਾਂ ਕਿਹਾ ਕਿ ਪਿਛਲੇ ਸਾਲ ਲਗਾਏ ਗਏ ਬੂਟਿਆਂ ਨੂੰ ਦੇਖ ਕੇ ਖੁਸ਼ੀ ਮਹਿਸੂਸ ਹੁੰਦੀ ਹੈ ਤੇ ਇਸ ਵਾਰ ਵੀ ਪਿੰਡਾਂ 'ਚ ਅੰਬ, ਜਾਮਣ, ਆਂਵਲਾ, ਅਮਰੂਦ ਅਤੇ ਪਿੱਪਲ, ਬੋਹੜ, ਨਿੰਗ ਅਤੇ ਪਿਲਕਣ ਸ਼ਾਮਿਲ ਹਨ | ਪਿੰਡਾਂ 'ਚ ਲੋਕਾਂ ਦੇ ਇਕੱਠਾਂ ਨੂੰ ਸੰਬੋਧਨ ਕਰਦਿਆਂ ਨਿਮਿਸ਼ਾ ਮਹਿਤਾ ਨੇ ਕਿਹਾ ਕਿ ਸਾਡਾ ਧਰਮ ਵੀ ਸਾਨੂੰ ਧਰਤੀ ਮਾਤਾ ਅਤੇ ਪੌਣ ਪਾਣੀ ਦੀ ਰੱਖਿਆ ਕਰਨ, ਸੇਵਾ ਕਰਨ ਦਾ ਉਪਦੇਸ਼ ਦਿੰਦਾ ਹੈ ਅਤੇ ਸਾਨੂੰ ਰਾਜਨੀਤੀ ਤੋਂ ਉੱਪਰ ਉੱਠ ਕੇ ਪਹਿਲਾਂ ਆਪਣੇ ਲੋਕਾਂ ਅਤੇ ਸਮਾਜ ਵਾਸਤੇ ਸਾਫ਼ ਸੁਥਰੇ ਪੌਣ ਪਾਣੀ ਅਤੇ ਵਾਤਾਵਰਨ ਨੂੰ ਬਚਾਉਣ ਲਈ ਉਪਰਾਲੇ ਕਰਨੇ ਚਾਹੀਦੇ ਹਨ ਤਾਂ ਜੋ ਲੋਕ ਤੰਦਰੁਸਤ ਤਹਿ ਸਕਣ | ਉਨ੍ਹਾਂ ਕਿਹਾ ਕਿ ਫ਼ਲਦਾਰ ਬੂਟੇ ਸਿਰਫ ਇਨਸਾਨ ਦੀ ਹੀ ਨਹੀਂ ਸਗੋਂ ਬੇਜ਼ੁਬਾਨ ਪੰਛੀਆਂ ਦੀ ਵੀ ਖੁਰਾਕ ਹਨ ਇਸ ਕਰਕੇ ਇਨ੍ਹਾਂ ਨੂੰ ਖ਼ਾਸ ਸੰਭਾਲ ਕਰਕੇ ਪਾਲਣਾ ਚਾਹੀਦਾ ਹੈ | ਉਨ੍ਹਾਂ ਕਿਹਾ ਕਿ ਦੋ ਦਰਜ਼ਨ ਪਿੰਡਾਂ 'ਚ ਬੂਟੇ ਲਗਵਾਏ ਜਾ ਚੁੱਕੇ ਹਨ |