ਮੁਕੇਰੀਆਂ, 19 ਜੁਲਾਈ (ਰਾਮਗੜ੍ਹੀਆ)- ਕੈਂਬਰਿਜ ਓਵਰਸੀਜ਼ ਸਕੂਲ ਮੁਕੇਰੀਆਂ ਦੀ ਵਿਦਿਆਰਥਣ ਬੇਦਿਕਾ ਭਾਟੀਆ ਨੇ ਪੂਰੇ ਇਲਾਕੇ ਨੂੰ ਮਾਣ ਦਿਵਾਇਆ ਹੈ | ਉਸ ਨੇ ਇੰਡੀਅਨ ਇੰਸਟੀਚਿਊਟ ਆਫ਼ ਟੈਕਨਾਲੋਜੀ (99) ਬੰਬੇ ਵਿਚ ਇਲੈਕਟ੍ਰੀਕਲ ਇੰਜੀਨੀਅਰਿੰਗ (4 ਸਾਲਾ ਬੀ.ਟੈੱਕ ਕੋਰਸ) ਵਿਚ ਦਾਖਲਾ ਲਿਆ ਹੈ | ਜਾਣਕਾਰੀ ਦਿੰਦੇ ਹੋਏ ਪਿ੍ੰਸੀਪਲ ਮੋਨਿਕਾ ਠਾਕੁਰ ਨੇ ਦੱਸਿਆ ਕਿ ਉਸ ਨੇ ਜੇ.ਈ.ਈ. ਐਡਵਾਂਸਡ ਪ੍ਰੀਖਿਆ ਵਿਚ ਆਲ ਇੰਡੀਆ 345ਵਾਂ ਰੈਂਕ ਪ੍ਰਾਪਤ ਕਰਕੇ ਇਹ ਉਪਲਬਧੀ ਹਾਸਲ ਕੀਤੀ ਹੈ | ਬੇਦਿਕਾ ਨੂੰ ਆਲ ਇੰਡੀਆ ਕੋਟੇ ਤਹਿਤ ਇਹ ਸੰਸਥਾ ਅਲਾਟ ਕੀਤੀ ਗਈ ਹੈ | ਸਕੂਲ ਪਰਿਵਾਰ, ਮਾਪਿਆਂ ਅਤੇ ਸਾਰੇ ਅਧਿਆਪਕਾਂ ਨੇ ਉਸ ਦੀ ਇਸ ਬੇਮਿਸਾਲ ਸਫਲਤਾ 'ਤੇ ਖ਼ੁਸ਼ੀ ਪ੍ਰਗਟ ਕੀਤੀ ਹੈ | ਸਕੂਲ ਦੇ ਐਮ.ਡੀ. ਸਚਿਨ ਸਮਿਆਲ ਅਤੇ ਚੇਅਰਪਰਸਨ ਸ਼ਿਖਾ ਸਮਿਆਲ ਨੇ ਬੇਦਿਕਾ ਦੀ ਇਸ ਸ਼ਾਨਦਾਰ ਪ੍ਰਾਪਤੀ 'ਤੇ ਮਾਣ ਪ੍ਰਗਟ ਕੀਤਾ ਅਤੇ ਕਿਹਾ ਕਿ ਇਹ ਨਾ ਸਿਰਫ਼ ਉਸ ਦੀ ਅਣਥੱਕ ਮਿਹਨਤ ਅਤੇ ਲਗਨ ਦਾ ਨਤੀਜਾ ਹੈ, ਬਲਕਿ ਸਕੂਲ ਦੀ ਵਿੱਦਿਅਕ ਗੁਣਵੱਤਾ ਦਾ ਵੀ ਸਬੂਤ ਹੈ | ਉਨ੍ਹਾਂ ਕਿਹਾ ਬੇਦਿਕਾ ਭਾਟੀਆ ਦੀ ਇਹ ਸਫਲਤਾ ਬਿਨ੍ਹਾਂ ਸ਼ੱਕ ਆਉਣ ਵਾਲੀ ਪੀੜ੍ਹੀ ਦੇ ਵਿਦਿਆਰਥੀਆਂ ਲਈ ਪ੍ਰੇਰਨਾ ਸਰੋਤ ਹੈ | ਕੈਂਬਰਿਜ ਓਵਰਸੀਜ਼ ਸਕੂਲ ਪਰਿਵਾਰ ਵਲੋਂ ਬੇਦੀਕਾ ਦੇ ਉੱਜਵਲ ਭਵਿੱਖ ਲਈ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ ਦਿੱਤੀਆਂ ਗਈਆਂ ਹਨ |