ਐਮਾਂ ਮਾਂਗਟ, 19 ਜੁਲਾਈ (ਗੁਰਾਇਆ)- ਹੁਸ਼ਿਆਰਪੁਰ ਸੈਂਟਰਲ ਕੋਆਪਰੇਟਿਵ ਬੈਂਕ ਹੁਸ਼ਿਆਰਪੁਰ ਦੇ ਚੇਅਰਮੈਨ ਵਿਕਰਮ ਸ਼ਰਮਾ, ਜ਼ਿਲ੍ਹਾ ਮੈਨੇਜਰ ਲਖਵੀਰ ਸਿੰਘ, ਪ੍ਰਬੰਧਕ ਨਿਰਦੇਸ਼ਕ ਗੁਰਬਖ਼ਸ਼ ਕੌਰ ਦੇ ਦਿਸ਼ਾ-ਨਿਰਦੇਸ਼ਾਂ ਹੇਠ ਸਹਿਕਾਰੀ ਸਭਾ ਵਿਸ਼ਨਪੁਰ ਵਿਚ ਅੰਤਰਰਾਸ਼ਟਰੀ ਸਹਿਕਾਰੀ ਸਾਲ ਮਨਾਇਆ ਗਿਆ | ਇਸ ਸਮੇਂ ਵਿਸ਼ੇਸ਼ ਤੌਰ 'ਤੇ ਮੌਜੂਦ ਮੁਕੇਰੀਆਂ ਬ੍ਰਾਂਚ ਮੈਨੇਜਰ ਵਰਿੰਦਰ ਕੁਮਾਰ ਨੇ ਹਾਜ਼ਰ ਕਿਸਾਨਾਂ ਨੂੰ ਸਹਿਕਾਰੀ ਬੈਂਕ ਵਿਚ ਚੱਲ ਰਹੇ ਕੰਮਕਾਜ ਬਾਰੇ ਕਿਸਾਨਾਂ ਦੇ ਹਿੱਤ 'ਚ ਵੱਖ-ਵੱਖ ਸਕੀਮਾਂ ਬਾਰੇ ਜਾਣਕਾਰੀ ਦਿੱਤੀ ਅਤੇ ਉਨ੍ਹਾਂ ਨੂੰ ਸਹਿਕਾਰੀ ਸਭਾ ਵਿਚ ਸ਼ਾਮਲ ਹੋ ਕੇ ਇਨ੍ਹਾਂ ਸਕੀਮਾਂ ਦਾ ਲਾਭ ਲੈਣ ਲਈ ਜਾਗਰੂਕ ਕੀਤਾ ਗਿਆ | ਅੱਜ ਇਸ ਦਿਨ ਨੂੰ ਮਨਾਉਣ ਦੀ ਮਹੱਤਤਾ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਅੰਤਰਰਾਸ਼ਟਰੀ ਸਹਿਕਾਰੀ ਦਿਵਸ ਸਹਿਕਾਰੀ ਲਹਿਰ ਦੇ ਸਿਧਾਂਤਾਂ ਅਤੇ ਕਦਰਾਂ-ਕੀਮਤਾਂ ਨੂੰ ਉਤਸ਼ਾਹਿਤ ਕਰਨ ਦਾ ਇੱਕ ਯਤਨ ਹੈ | ਸਹਿਕਾਰੀ ਸਭਾਵਾਂ ਸਵੈ-ਇੱਛਿਤ ਸਹਿਯੋਗ ਅਤੇ ਕਿਸਾਨਾਂ ਦੀ ਭਲਾਈ ਲਈ ਕੰਮ ਕਰਦੀਆਂ ਹਨ | ਇਹ ਨਾ ਸਿਰਫ਼ ਸਥਾਨਕ ਕਿਸਾਨਾਂ ਦੇ ਵਿਕਾਸ ਵਿਚ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ ਬਲਕਿ ਵਿਸ਼ਵ ਪੱਧਰ 'ਤੇ ਸਮਾਜਿਕ ਅਤੇ ਆਰਥਿਕ ਤਬਦੀਲੀ ਲਿਆਉਣ ਵਿਚ ਵੀ ਮਦਦ ਕਰਦਾ ਹੈ | ਇਸ ਸਮੇਂ ਪ੍ਰਧਾਨ ਬਲਵੀਰ ਸਿੰਘ, ਲੇਖਾਕਾਰ ਅਜੇ ਕੁਮਾਰ, ਕੋਮਲ ਮਿਨਹਾਸ, ਸਕੱਤਰ ਸੁਰਿੰਦਰ ਪਾਲ, ਸੈਕਟਰੀ ਬਾਗੋਵਾਲ ਸੁਸਾਇਟੀ ਸੁਖਵਿੰਦਰ ਸਿੰਘ ਸੋਨੂੰ, ਰਿਸ਼ਵ ਕੁਮਾਰ ਆਦਿ ਹਾਜ਼ਰ ਸਨ |