ਮਿਆਣੀ, 19 ਜੁਲਾਈ (ਹਰਜਿੰਦਰ ਸਿੰਘ ਮੁਲਤਾਨੀ)- ਪੰਜਾਬ ਦੇ ਮਾਲ ਵਿਭਾਗ ਵਲੋਂ ਪਿੰਡਾਂ ਵਿਚ ਪੰਚਾਇਤੀ ਜ਼ਮੀਨਾਂ ਤੇ ਸ਼ਾਮਲਾਟਾਂ ਉੱਪਰ ਕੀਤੇ ਗਏ ਨਾਜਾਇਜ਼ ਕਬਜ਼ਿਆਂ ਨੂੰ ਹਟਾ ਕੇ ਜ਼ਮੀਨ ਹਾਸਲ ਕਰਨ ਦੀ ਸ਼ੁਰੂ ਕੀਤੀ ਗਈ ਕਵਾਇਦ ਤਹਿਤ ਅੱਜ ਟਾਂਡਾ ਅਧੀਨ ਬੇਟ ਖੇਤਰ 'ਚ ਪੈਂਡੇ ਪਿੰਡ ਰੜਾ ਵਿਚ ਮਾਲ ਵਿਭਾਗ ਦੀ ਟੀਮ ਵਲੋਂ ਵਿਧਾਇਕ ਜਸਵੀਰ ਸਿੰਘ ਰਾਜਾ, ਨਾਇਬ ਤਹਿਸੀਲਦਾਰ ਮਨਪ੍ਰੀਤ ਸਿੰਘ, ਸੈਕਟਰੀ ਯੂਸਫ ਮਸੀਹ, ਸੈਕਟਰੀ ਰਵਿੰਦਰ ਸਿੰਘ ਰਵੀ, ਸੈਕਟਰੀ ਮਨਜੀਤ ਸਿੰਘ ਤੇ ਗ੍ਰਾਮ ਪੰਚਾਇਤ ਦੀ ਹਾਜ਼ਰੀ ਵਿਚ ਨਾਜਾਇਜ਼ ਕਬਜ਼ਾ ਹਟਾ ਕੇ ਜ਼ਮੀਨ ਹਾਸਿਲ ਕੀਤੀ ਗਈ | ਇਸ ਮੌਕੇ ਵਿਧਾਇਕ ਜਸਬੀਰ ਸਿੰਘ ਰਾਜਾ ਨੇ ਦੱਸਿਆ ਕਿ ਗ੍ਰਾਮ ਪੰਚਾਇਤ ਰੜਾ ਵਲੋਂ ਸੰਬੰਧਿਤ ਵਿਭਾਗ ਨੂੰ ਇਹ ਸ਼ਿਕਾਇਤ ਕੀਤੀ ਗਈ ਸੀ ਕਿ ਪਿੰਡ ਵਿਚ ਕੁੱਝ ਲੋਕਾਂ ਨੇ ਪਿੰਡ ਦੀ ਪੰਚਾਇਤੀ ਜ਼ਮੀਨ 'ਤੇ ਨਾਜਾਇਜ਼ ਕਬਜ਼ਾ ਕੀਤਾ ਹੈ ਅਤੇ ਇਹ ਕਬਜ਼ਾ ਪਿਛਲੇ ਕਰੀਬ ਚਾਰ ਸਾਲਾਂ ਤੋਂ ਹੈ | ਉਨ੍ਹਾਂ ਦੱਸਿਆ ਕਿ ਇਸ ਸ਼ਿਕਾਇਤ ਤੇ ਕਾਨੂੰਨ ਅਨੁਸਾਰ ਕਰਵਾਈ ਕਰਦੇ ਹੋਏ ਮਾਲ ਵਿਭਾਗ ਅਤੇ ਬੀ.ਡੀ.ਪੀ.ਓ ਦਫ਼ਤਰ ਟਾਂਡਾ ਦੇ ਅਧਿਕਾਰੀਆਂ ਵਲੋਂ ਕਰੀਬ 6.50 ਏਕੜ ਜ਼ਮੀਨ ਤੇ ਵਾਪਸ ਲੈ ਕੇ ਪੰਚਾਇਤ ਦੇ ਹਵਾਲੇ ਕੀਤੀ ਗਈ | ਇਸ ਮੌਕੇ ਪਿੰਡ ਦੇ ਮੋਹਤਵਾਰ ਵਿਅਕਤੀਆਂ ਅਤੇ ਗ੍ਰਾਮ ਪੰਚਾਇਤ ਦੇ ਨੁਮਾਇੰਦਿਆਂ ਨੇ ਵਿਧਾਇਕ ਟਾਂਡਾ ਜਸਵੀਰ ਸਿੰਘ ਰਾਜਾ, ਮਾਲ ਵਿਭਾਗ ਤੇ ਬੀ.ਡੀ.ਪੀ.ਓ ਦਫ਼ਤਰ ਦੀ ਟੀਮ ਦਾ ਧੰਨਵਾਦ ਕੀਤਾ |