ਕੋਟਫ਼ਤੂਹੀ, 18 ਜੁਲਾਈ (ਅਵਤਾਰ ਸਿੰਘ ਅਟਵਾਲ)-ਬੀਤੀ ਦੇਰ ਰਾਤ ਮੰਨਣਹਾਨਾ ਦੀ ਹੱਡਾ ਰੋੜੀ ਤੋਂ ਸਥਾਨਕ ਪੁਲਿਸ ਨੂੰ ਇਕ ਅਣਪਛਾਤੇ ਵਿਅਕਤੀ ਦੀ ਅੱਧ ਸੜੀ ਲਾਸ਼ ਬਰਾਮਦ ਹੋਣ ਦੀ ਖ਼ਬਰ ਹੈ | ਪ੍ਰਾਪਤ ਜਾਣਕਾਰੀ ਅਨੁਸਾਰ ਪਿਛਲੇ ਲੰਬੇ ਸਮੇਂ ਤੋਂ ਬੰਦ ਪਈ ਹੱਡਾਰੋੜੀ ਜੋ ਪਿੰਡ ਮੰਨਣਹਾਨਾ ਨੂੰ ਜਾਂਦੀ ਸੜਕ ਉੱਪਰ ਪੈਂਦੀ ਹੈ, ਉੱਪਰ ਰਾਤ ਦੇ ਹਨੇਰੇ ਵਿਚ ਕੋਈ ਵਿਅਕਤੀ ਆਪਣਾ ਮਰਿਆ ਪਸ਼ੂ ਸੁੱਟਣ ਆਇਆ ਤਾਂ ਅੱਗ ਦੀਆਂ ਲਪਟਾਂ ਵੇਖ ਕੇ ਜਦੋਂ ਉਸ ਨੇ ਵੇਖਿਆ ਕਿ ਇਸ ਅੱਗ ਦੇ ਕਿਨਾਰੇ ਕਿਸੇ ਵਿਅਕਤੀ ਦਾ ਸਿਰ ਵਿਖਾਈ ਦੇ ਰਿਹਾ ਸੀ ਤਾਂ ਉਸ ਨੇ ਸ਼ੱਕ ਪੈਣ 'ਤੇ ਆਪਣੇ ਮੋਬਾਈਲ ਵਿਚ ਵੀਡੀਓ ਬਣਾ ਕੇ ਪੁਲਿਸ ਚੌਕੀ ਕੋਟਫ਼ਤੂਹੀ ਵਿਖੇ ਇਤਲਾਹ ਦਿੱਤੀ, ਮੌਕੇ 'ਤੇ ਏ.ਐੱਸ.ਆਈ. ਸੁਖਵਿੰਦਰ ਸਿੰਘ ਨੇ ਪੁਲਿਸ ਪਾਰਟੀ ਨਾਲ ਪਹੁੰਚ ਕੇ ਅੱਗ ਨੂੰ ਬੁਝਾ ਕੇ ਵੇਖਿਆ ਤਾਂ ਇਕ ਲਗਪਗ 45 ਕੁ ਸਾਲ ਦੇ ਕਰੀਬ ਵਿਅਕਤੀ ਦੀ ਲਾਸ਼ ਹੈ, ਜੋ ਲਗਪਗ 60 ਪ੍ਰਤੀਸ਼ਤ ਤੋਂ ਵੱਧ ਅੱਗ ਵਿਚ ਸੜ ਚੁੱਕਾ ਸੀ, ਨੂੰ ਬਾਹਰ ਕੱਢ ਕੇ ਆਪਣੇ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਗੜ੍ਹਸ਼ੰਕਰ ਵਿਖੇ ਮੋਰਚਰੀ ਵਿਚ 72 ਘੰਟਿਆਂ ਲਈ ਪਹਿਚਾਣ ਲਈ ਰਖਵਾ ਦਿੱਤਾ ਹੈ | ਮਿ੍ਤਕ ਵਿਅਕਤੀ ਦੀ ਲਾਸ਼ ਨੂੰ ਦੂਰੋਂ ਇੱਥੇ ਗੱਡੀ ਵਿਚ ਲਿਆ ਕੇ ਇੱਥੇ ਸੁੰਨਸਾਨ ਪਈ ਹੱਡਾ ਰੋੜੀ ਵਿਚ ਅੱਗ ਲਗਾ ਕਿ ਉਸ ਦੀ ਪਹਿਚਾਣ ਮਿਟਾਉਣ ਲਈ ਛੱਡ ਕੇ ਉਹ ਚੱਲੇ ਗਏ, ਪੁਲਿਸ ਵਲੋਂ ਆਸ-ਪਾਸ ਸੜਕ ਉੱਪਰ ਲੱਗੇ ਸੀ. ਸੀ. ਟੀ. ਵੀ ਕੈਮਰੇ ਖੰਗਾਲਣੇ ਸ਼ੁਰੂ ਕਰ ਦਿੱਤੇ ਹਨ | ਖ਼ਬਰ ਲਿਖੇ ਜਾਣ ਤੱਕ ਮਿ੍ਤਕ ਦੇ ਬਾਰੇ ਹੋਰ ਕੁੱਝ ਪਤਾ ਨਹੀਂ ਲੱਗ ਸਕਿਆ ਸੀ |