ਗੜ੍ਹਦੀਵਾਲਾ, 18 ਜੁਲਾਈ (ਚੱਗਰ)-ਅੱਜ ਸਵੇਰੇ ਗੜ੍ਹਦੀਵਾਲਾ-ਦਸੂਹਾ ਮੇਨ ਸੜਕ 'ਤੇ ਪੈਂਦੇ ਪਿੰਡ ਮਾਨਗੜ੍ਹ ਨਜ਼ਦੀਕ ਵਾਪਰੇ ਸੜਕ ਹਾਦਸੇ ਦੌਰਾਨ ਅਣਪਛਾਤੇ ਵਾਹਨ ਦੀ ਲਪੇਟ ਵਿਚ ਆਉਣ ਕਾਰਨ ਦੋ ਪ੍ਰਵਾਸੀ ਮਜ਼ਦੂਰਾਂ ਦੀ ਮੌਤ ਹੋਣ ਦਾ ਸਮਾਚਾਰ ਹੈ | ਜਾਣਕਾਰੀ ਅਨੁਸਾਰ ਬੱਬਲੂ ਪੁੱਤਰ ਦੌਲਤ (39) ਵਾਸੀ ਪਿੰਡ ਮੁਹੰਮਦਾਪੁਰ ਜ਼ਿਲ੍ਹਾ ਸੀਤਾਪੁਰੀ ਉਤਰ ਪ੍ਰਦੇਸ਼ ਅਤੇ ਰਾਮਪ੍ਰਸਾਦ ਉਰਫ਼ ਕੱਲੂ ਪੁੱਤਰ ਜਸਕਰਨ (28) ਪਿੰਡ ਮਿਸ਼ਰਾਪੁਰ ਜ਼ਿਲ੍ਹਾ ਸੀਤਾਪੁਰ ਉਤਰ ਪ੍ਰਦੇਸ਼ ਹਾਲ ਵਾਸੀ ਪਿੰਡ ਭਾਨਾ ਥਾਣਾ ਗੜ੍ਹਦੀਵਾਲਾ ਵਿਖੇ ਕਿਸੇ ਕਿਸਾਨ ਦੀ ਮੋਟਰ 'ਤੇ ਰਹਿ ਕੇ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਸਨ | ਅੱਜ ਸਵੇਰੇ ਜਦ ਉਹ ਪਿੰਡ ਮਾਨਗੜ੍ਹ ਵਿਖੇ ਮਿਹਨਤ ਮਜ਼ਦੂਰੀ ਕਰਨ ਲਈ ਮੇਨ ਹਾਈਵੇ 'ਤੇ ਪੈਦਲ ਜਾ ਰਹੇ ਸਨ ਤਾਂ ਮਾਨਗੜ੍ਹ ਤੋਂ ਕੁਲਾਰਾਂ ਨੂੰ ਜਾਦੇ ਫਿਰਨੀ 'ਤੇ ਮੇਨ ਰੋਡ 'ਤੇ ਕਿਸੇ ਅਣਪਛਾਤੇ ਵਾਹਨ ਨੇ ਉਨ੍ਹਾਂ ਨੂੰ ਫੇਟ ਮਾਰ ਦਿੱਤੀ | ਜਿਸ ਦੌਰਾਨ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ | ਬੱਬਲੂ ਦੇ ਸੱਟਾਂ ਲੱਗਣ ਕਾਰਨ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਰਾਮਪ੍ਰਸਾਦ ਕੱਲੂ ਨੂੰ ਗੰਭੀਰ ਜ਼ਖ਼ਮੀ ਹੋਣ ਕਾਰਨ ਸਿਵਲ ਹਸਪਤਾਲ ਦਸੂਹਾ ਲਿਜਾਇਆ ਗਿਆ, ਜਿੱਥੇ ਕਿ ਉਸ ਦੀ ਵੀ ਮੌਤ ਹੋ ਗਈ | ਗੜ੍ਹਦੀਵਾਲਾ ਪੁਲਿਸ ਨੇ ਮੌਕੇ 'ਤੇ ਪੁੱਜ ਕੇ ਦੋਵੇਂ ਪ੍ਰਵਾਸੀ ਮਜ਼ਦੂਰਾਂ ਦੀਆਂ ਲਾਸ਼ਾਂ ਆਪਣੇ ਕਬਜ਼ੇ ਵਿਚ ਲੈ ਕੇ ਅਗਲੇਰੀ ਕਾਰਵਾਈ ਆਰੰਭ ਕਰ ਦਿੱਤੀ ਹੈ |