ਮੁਕੇਰੀਆਂ, 17 ਜੁਲਾਈ (ਰਾਮਗੜ੍ਹੀਆ)- ਮੁਕੇਰੀਆਂ ਹਲਕੇ ਅੰਦਰ ਜਗਾੜੂ ਵਾਹਨਾਂ ਦੀ ਗਿਣਤੀ ਲਗਾਤਾਰ ਵਧਦੀ ਜਾ ਰਹੀ ਹੈ ਅਤੇ ਇਹ ਜਗਾੜੂ ਵਾਹਨ ਬਿਨਾਂ ਨੰਬਰੀ, ਬਿਨਾਂ ਪੂਰੇ ਕਾਗ਼ਜ਼ਾਂ ਤੋਂ ਸ਼ਰੇਆਮ ਕਾਨੂੰਨ ਦੀਆਂ ਧੱਜੀਆਂ ਉਡਾ ਰਹੇ ਹਨ ਪਰ ਟਰੈਫ਼ਿਕ ਵਿਭਾਗ ਇਨ੍ਹਾਂ ਖ਼ਿਲਾਫ਼ ਕੋਈ ਕਾਰਵਾਈ ਨਹੀਂ ਕਰ ਰਿਹਾ | ਇਲਾਕੇ ਅੰਦਰ ਟਰੈਫ਼ਿਕ ਵਿਭਾਗ ਵਲੋਂ ਨਾਕਿਆਂ 'ਤੇ ਥਾਂ-ਥਾਂ 'ਤੇ ਵਾਹਨਾਂ ਦੇ ਚਲਾਨ ਕੱਟੇ ਜਾਂਦੇ ਹਨ ਪਰ ਜਗਾੜੂ ਵਾਹਨਾਂ 'ਤੇ ਸਵਾਰੀਆਂ ਢੋਣ ਵਾਲੇ ਅਤੇ ਹੋਰ ਸਾਮਾਨ ਲੱਦ ਕੇ ਆਉਣ ਜਾਣ ਵਾਲੇ ਵਾਹਨ ਚਾਲਕਾਂ ਖ਼ਿਲਾਫ਼ ਕੋਈ ਸਖ਼ਤੀ ਨਹੀਂ ਕੀਤੀ ਜਾ ਰਹੀ ਜਿਸ ਕਾਰਨ ਆਏ ਦਿਨ ਹਾਦਸੇ ਵਾਪਰਦੇ ਰਹਿੰਦੇ ਹਨ | ਇਸ ਸੰਬੰਧੀ ਗੱਲਬਾਤ ਕਰਦੇ ਹੋਏ ਕੁੱਝ ਕਮਰਸ਼ੀਅਲ ਗੱਡੀਆਂ ਦੇ ਮਾਲਕਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਹਿੰਗੇ ਭਾਅ 'ਤੇ ਆਪਣੀਆਂ ਗੱਡੀਆਂ ਖ਼ਰੀਦ ਕੇ ਕੰਮ ਕਾਜ ਲਈ ਲਗਾਈਆਂ ਹਨ ਅਤੇ ਉਹ ਸਰਕਾਰ ਨੂੰ ਬਣਦਾ ਟੈਕਸ ਵੀ ਮੁਹੱਈਆ ਕਰਵਾਉਂਦੇ ਹਨ | ਉਨ੍ਹਾਂ ਕਿਹਾ ਪਰ ਜਗਾੜੂ ਵਾਹਨ ਚਾਲਕਾਂ ਵਲੋਂ ਬਿਨਾਂ ਸਰਕਾਰ ਨੂੰ ਕੋਈ ਟੈਕਸ ਦਿੱਤੇ ਅਤੇ ਬਿਨਾਂ ਕਾਗ਼ਜ਼ਾਂ ਤੋਂ ਸਾਮਾਨ ਦੀ ਢੋਆ-ਢੁਆਈ ਦਾ ਕੰਮ ਕੀਤਾ ਜਾ ਰਿਹਾ ਹੈ ਜਿਸ ਨਾਲ ਜਿੱਥੇ ਸਾਡੇ ਕਾਰੋਬਾਰ ਨੂੰ ਘਾਟਾ ਪੈ ਰਿਹਾ ਹੈ, ਉੱਥੇ ਹੀ ਸਰਕਾਰ ਨੂੰ ਵੀ ਲੱਖਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ | ਉਨ੍ਹਾਂ ਕਿਹਾ ਜਦੋਂ ਇਨ੍ਹਾਂ ਜਗਾੜੂ ਵਾਹਨ ਚਾਲਕਾਂ ਨੂੰ ਅਜਿਹਾ ਕਰਨ ਤੋਂ ਰੋਕਿਆ ਜਾਂਦਾ ਹੈ ਤਾਂ ਉਹ ਅਕਸਰ ਹੀ ਉਨ੍ਹਾਂ ਨਾਲ ਬਹਿਸਬਾਜੀ 'ਤੇ ਉੱਤਰ ਜਾਂਦੇ ਹਨ ਅਤੇ ਕਈ ਵਾਰ ਇਹ ਬਹਿਸਬਾਜੀ ਲੜਾਈ ਝਗੜੇ ਵਿਚ ਬਦਲ ਜਾਂਦੀ ਹੈ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਹੁਸ਼ਿਆਰਪੁਰ ਪਾਸੋਂ ਮੰਗ ਕੀਤੀ ਕਿ ਮੁਕੇਰੀਆਂ ਸ਼ਹਿਰ ਅੰਦਰ ਚੱਲ ਰਹੇ ਜੁਗਾੜੂ ਵਾਹਨ ਚਾਲਕਾਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ |