ਹੁਸ਼ਿਆਰਪੁਰ, 16 ਜੁਲਾਈ (ਹਰਪ੍ਰੀਤ ਕੌਰ, ਬਲਜਿੰਦਰਪਾਲ ਸਿੰਘ)- ਪਿੰਡਾਂ 'ਚ ਬਣੇ ਛੱਪੜਾਂ 'ਚ ਖੜ੍ਹੇ ਗੰਧਲੇ ਪਾਣੀ ਕਾਰਨ ਛੱਪੜਾਂ ਦੇ ਆਸਪਾਸ ਰਹਿ ਰਹੇ ਲੋਕਾਂ ਦੇ ਮਹਾਂਮਾਰੀ ਦਾ ਸ਼ਿਕਾਰ ਹੋਣ ਵੱਲ ਸਰਕਾਰ ਵਲੋਂ ਧਿਆਨ ਨਾ ਦਿੱਤੇ ਜਾਣ 'ਤੇ ਚਿੰਤਾ ਪ੍ਰਗਟ ਕਰਦਿਆਂ ਲੇਬਰ ਪਾਰਟੀ ਦੇ ਪ੍ਰਧਾਨ ਜੈ ਗੋਪਾਲ ਧੀਮਾਨ ਨੇ ਕਿਹਾ ਕਿ ਜੇਕਰ ਸਰਕਾਰ ਛੱਪੜਾਂ ਦੇ ਪਾਣੀ ਨੂੰ ਸੋਧਣ ਲਈ ਕੋਈ ਠੋਸ ਉਪਰਾਲੇ ਕਰੇ ਤਾਂ ਲੋਕ ਬਿਮਾਰੀਆਂ ਤੋਂ ਬਚ ਸਕਣਗੇ | ਉਨ੍ਹਾਂ ਕਿਹਾ ਕਿ ਘਰਾਂ ਦੇ ਮਲ ਮੂਤਰ ਵਾਲਾ ਪਾਣੀ ਹਰ ਰੋਜ਼ ਇਨ੍ਹਾਂ ਛੱਪੜਾਂ 'ਚ ਭਰ ਰਿਹਾ ਹੈ ਜਿਸ ਪਾਣੀ ਦਾ ਬਹੁਤਾ ਹਿੱਸਾ ਧੁੱਪ ਨਾਲ ਵਾਸ਼ਪੀਕਰਨ ਹੋ ਕੇ ਸਮੇਤ ਬੈਕਟੀਰੀਆ ਹਵਾ 'ਚ ਜਾ ਰਿਹਾ ਹੈ ਤੇ ਧਰਤੀ 'ਚ ਹੇਠਾਂ ਵੱਲ ਵੀ ਜਾ ਰਿਹਾ ਹੈ | ਛੱਪੜਾਂ ਦੀ ਮਾਰ ਹੇਠ ਆਉਣ ਵਾਲੇ ਘਰਾਂ ਵਿਚ ਸਲਾਭਾ ਆਮ ਵੇਖਿਆ ਜਾ ਸਕਦਾ ਹੈ | ਧੀਮਾਨ ਨੇ ਕਿਹਾ ਕਿ ਇਹ ਛੱਪੜ ਮੱਖੀਆਂ ਤੇ ਮੱਛਰਾਂ ਦੀ ਪੈਦਾਵਰ ਅਤੇ ਘਾਤਕ ਬੈਕਟੀਰੀਆ ਦੀ ਪੈਦਾਵਾਰ ਦੀ ਨਰਸਰੀ ਬਣ ਚੁੱਕੇ ਹਨ | ਉਨ੍ਹਾਂ ਕਿਹਾ ਕਿ ਛੱਪੜਾਂ ਦੇ ਪਾਣੀ ਨੂੰ ਸੰਭਾਲਣ ਕਾਰਨ ਹੁਣ ਇਸ ਦਾ ਵਹਾਅ ਫ਼ਸਲਾਂ ਵੱਲ ਹੋ ਰਿਹਾ ਹੈ | ਜਿਹੜੀ ਸਬਜੀ, ਫ਼ਸਲ ਲੋਕਾਂ ਨੇ ਖੁਦ ਖਾਣੀ ਹੁੰਦੀ ਹੈ ਤੇ ਖੇਤੀਬਾੜੀ ਵਿਭਾਗ ਅਣਸੋਧਿਆ ਪਾਣੀ ਖੇਤਾਂ ਵਿਚ ਲਗਵਾਉਣ ਦੀ ਸਲਾਹ ਦੇ ਰਿਹਾ ਹੈ ਜੋ ਸਰਾਸਰ ਗਲਤ ਹੈ | ਧੀਮਾਨ ਨੇ ਕਿਹਾ ਕਿ ਉਹ ਪਿੰਡਾਂ ਵਿਚ ਛੱਪੜਾਂ 'ਚ ਪਈ ਗੰਦਗੀ ਵਿਰੁੱਧ ਲੋਕਾਂ ਨੂੰ ਲਾਮਬੰਦ ਕਰਨਗੇ |