2700 ਸਰਕਾਰੀ ਬੱਸਾਂ ਚਾਰ ਦਿਨਾਂ ਬਾਅਦ ਮੁੜ ਸੜਕਾਂ 'ਤੇ ਦੌੜਨੀਆਂ ਸ਼ੁਰੂ
ਅੰਮਿ੍ਤਸਰ, 2 ਦਸੰਬਰ (ਗਗਨਦੀਪ ਸ਼ਰਮਾ)-ਟਰਾਂਸਪੋਰਟ ਵਿਭਾਗ ਦੇ ਕੱਚੇ ਵਰਕਰਾਂ ਦੀ ਸੂਬਾ ਪੱਧਰੀ ਹੜਤਾਲ ਸਮਾਪਤ ਹੋਣ 'ਤੇ ਸੂਬੇ ਦੇ 27 ਡਿਪੂਆਂ (ਪੰਜਾਬ ਰੋਡਵੇਜ਼/ਪਨਬੱਸ ਅਤੇ ਪੀ. ਆਰ. ਟੀ. ਸੀ.) ਦੀਆਂ ਤਕਰੀਬਨ 2700 ਸਰਕਾਰੀ ਬੱਸਾਂ ਚਾਰ ਦਿਨਾਂ ਬਾਅਦ ਮੁੜ ਸੜਕਾਂ 'ਤੇ ਦੌੜਣੀਆਂ ਸ਼ੁਰੂ ਹੋ ਗਈਆਂ, ਜਿਸ ਨਾਲ ਆਮ ਲੋਕਾਂ ਨੇ ਸੁੱਖ ਦਾ ਸਾਹ ਲਿਆ | ਪੰਜਾਬ ਰੋਡਵੇਜ਼/ਪਨਬਸ ਅਤੇ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ (25/11) ਦੇ ਸੂਬਾ ਸੰਯੁਕਤ ਸਕੱਤਰ ਜੋਧ ਸਿੰਘ ਅਤੇ ਸੂਬਾ ਖ਼ਜਾਨਚੀ ਬਲਜੀਤ ਸਿੰਘ ਨੇ ਗੇਟ ਰੈਲੀ ਕਰਕੇ ਇਸ ਸਾਰੇ ਸੰਘਰਸ਼ 'ਚ ਇਕਜੁੱਟਤਾ ਦਿਖਾਉਣ ਅਤੇ ਸਰਕਾਰ, ਮੈਨੇਜਮੈਂਟ ਤੇ ਪੁਲਿਸ ਪ੍ਰਸ਼ਾਸਨ ਦੀ ਕਥਿਤ ਤਸ਼ੱਦਦ ਦਾ ਮੂੰਹ ਤੋੜਵਾਂ ਜਵਾਬ ਦੇਣ ਦੇ ਨਾਲ-ਨਾਲ ਸੂਬੇ ਦੀਆਂ ਸਮੁੱਚੀ ਜਥੇਬੰਦੀਆਂ ਅਤੇ ਹਰਿਆਣਾ ਰੋਡਵੇਜ਼ ਕਰਮਚਾਰੀ ਸਾਂਝਾ ਮੋਰਚਾ ਵਲੋਂ ਹਮਾਇਤ ਕਰਨ ਦਾ ਤਹਿ-ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ ਤਕਰੀਬਨ 200 ਵਰਕਰਾਂ ਦੀਆਂ ਸੇਵਾਵਾਂ ਮੁੜ ਬਹਾਲ ਕਰਨ, ਧਾਰਾ 107/51 ਤਹਿਤ ਬੰਦ ਕੀਤੇ ਤਕਰੀਬਨ 150 ਸਾਥੀਆਂ 'ਚੋਂ ਬਹੁਤੇ ਸਾਥੀ ਰਿਹਾਅ ਕੀਤੇ ਜਾਣ 'ਤੇ ਸੂਬਾ ਕਮੇਟੀ ਵਲੋਂ ਹੜਤਾਲ ਮੁਲਤਵੀ ਕਰਨ ਦਾ ਐਲਾਨ ਕੀਤਾ ਗਿਆ ਹੈ | ਟਰਾਂਸਪੋਰਟ ਵਿਭਾਗ 'ਚ ਕਿਲੋਮੀਟਰ ਸਕੀਮ ਬੱਸਾਂ ਪਾਉਣ ਦੇ ਟੈਂਡਰ ਅਤੇ ਕੰਟਰੈਕਟ ਤੇ ਆਊਟ ਸੋਰਸ ਵਰਕਰਾਂ ਨੂੰ ਰੈਗੂਲਰ ਕਰਨ ਸੰਬੰਧੀ ਮੁੱਖ ਮੰਗਾਂ ਦਾ ਫ਼ੈਸਲਾ ਮੁੱਖ ਮੰਤਰੀ ਭਗਵੰਤ ਮਾਨ ਵਲੋਂ ਲਿਆ ਜਾਣਾ ਹੈ, ਜੋ ਕਿ ਹਾਲੇ ਸੂਬੇ 'ਚੋਂ ਬਾਹਰ ਹਨ | ਉਨ੍ਹਾਂ ਬੀਤੀ 28 ਨਵੰਬਰ ਨੂੰ ਸੂਬੇ ਦੇ ਵੱਖ-ਵੱਖ ਡਿਪੂਆਂ 'ਚ ਹੋਏ ਹੰਗਾਮਿਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਪੁਲਿਸ ਪ੍ਰਸ਼ਾਸਨ ਨੇ ਸੂਬਾਈ ਆਗੂਆਂ ਨੂੰ ਘਰੋਂ ਚੁੱਕ ਕੇ ਸਾਡੇ ਸੰਘਰਸ਼ ਨੂੰ ਕਮਜ਼ੋਰ ਕਰਨ ਦਾ ਯਤਨ ਕੀਤਾ ਸੀ, ਜਿਸ ਕਰਕੇ ਉਸ ਦਿਨ ਦੁਪਹਿਰ 12 ਵਜੇ ਦੀ ਜਗ੍ਹਾ ਸਵੇਰ ਤੋਂ ਹੀ ਸੂਬਾ ਪੱਧਰੀ ਹੜਤਾਲ ਸ਼ੁਰੂ ਕਰਨ ਲਈ ਮਜਬੂਰ ਹੋਣਾ ਪਿਆ | ਜੋਧ ਸਿੰਘ ਨੇ ਦੱਸਿਆ ਕਿ 4 ਦਸੰਬਰ ਨੂੰ ਲੁਧਿਆਣਾ ਵਿਖੇ ਸੂਬਾ ਕਮੇਟੀ ਵਲੋਂ ਮੁੜ ਮੀਟਿੰਗ ਬੁਲਾਈ ਗਈ ਹੈ, ਜਿਸ ਵਿਚ ਸਰਕਾਰ ਦੀਆਂ ਵਿਰੋਧੀ ਨੀਤੀਆਂ ਦੇ ਸੰਬੰਧ 'ਚ ਅਗਲੀ ਰਣਨੀਤੀ ਉਲੀਕੀ ਜਾਵੇਗੀ | ਅਖੀਰ 'ਚ ਉਨ੍ਹਾਂ ਸਪਸ਼ਟ ਕੀਤਾ ਕਿ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਦਾ ਵਿਰੋਧ ਜਾਰੀ ਰਹੇਗਾ |
ਸਰਕਾਰੀ ਬੱਸਾਂ ਚੱਲਣ 'ਤੇ ਆਮ ਲੋਕਾਂ ਦੇ ਚਿਹਰੇ ਖਿੜੇ
ਸਰਕਾਰੀ ਬੱਸਾਂ ਚੱਲਣ 'ਤੇ ਪਿਛਲੇ ਚਾਰ ਦਿਨਾਂ ਤੋਂ ਲਗਾਤਾਰ ਖੱਜਲ-ਖੁਆਰੀ ਦਾ ਸਾਹਮਣਾ ਕਰ ਰਿਹੈ ਲੋਕਾਂ ਦੇ ਚਿਹਰੇ ਖਿੜੇ ਗਏ, ਜਿਨ੍ਹਾਂ 'ਚ ਖਾਸ ਕਰਕੇ ਆਧਾਰ ਕਾਰਡ 'ਤੇ ਸਫਰ ਕਰਨ ਵਾਲੀਆਂ ਬੀਬੀਆਂ (ਔਰਤਾਂ) ਸ਼ਾਮਿਲ ਸਨ | ਦੁਪਹਿਰ ਤਕਰੀਬਨ 12.30 ਵਜੇ ਸਰਕਾਰੀ ਬੱਸਾਂ ਚੱਲਣ ਉਪਰੰਤ ਬੱਸ ਸਟੈਂਡਾਂ 'ਚ ਯਾਤਰੀਆਂ ਦੀ ਗਿਣਤੀ ਵੀ ਵਧਣ ਲੱਗ ਗਈ | ਇਥੇ ਇਹ ਵੀ ਦੱਸਣਯੋਗ ਹੈ ਕਿ ਜਿਥੇ ਹੜਤਾਲ ਦੇ ਕਰਕੇ ਤਕਰੀਬਨ 170 ਰੂਟ ਪ੍ਰਭਾਵਿਤ ਹੁੰਦੇ ਰਹੇ, ਉਥੇ ਸਰਕਾਰ ਅਤੇ ਪੰਜਾਬ ਰੋਡਵੇਜ਼/ਪਨਬਸ ਤੇ ਪੀ. ਆਰ. ਟੀ. ਸੀ. ਮੈਨੇਜਮੈਂਟ ਨੂੰ ਵੀ ਆਰਥਿਕ ਪੱਖੋਂ ਰੋਜ਼ਾਨਾ ਲੱਖਾਂ ਦਾ ਨੁਕਸਾਨ ਹੋਇਆ |
ਟਰਾਂਸਪੋਰਟ ਵਿਭਾਗ ਦੇ ਕੱਚੇ ਵਰਕਰਾਂ ਦੀ ਸੂਬਾ ਪੱਧਰੀ ਹੜਤਾਲ ਸਮਾਪਤ <br/>
ਅਜੀਤ ਡੈਸਕ
03-12-2025