26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਪ੍ਰਧਾਨ ਮੰਤਰੀ ਦੇ ਦਫ਼ਤਰ ਦਾ ਨਾਂਅ ਹੁਣ ਹੋਵੇਗਾ 'ਸੇਵਾ ਤੀਰਥ'

ਅਜੀਤ ਡੈਸਕ 03-12-2025

ਕੇਂਦਰੀ ਸਕੱਤਰੇਤ ਦੀ ਥਾਂ 'ਤੇ 'ਕਰਤਵੱਯ ਭਵਨ' ਅਤੇ ਰਾਜ ਭਵਨ ਦੀ ਥਾਂ 'ਤੇ 'ਲੋਕ ਭਵਨ' ਹੋਣਗੇ
ਨਵੀਂ ਦਿੱਲੀ, 2 ਦਸੰਬਰ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਦੇ ਦਫਤਰ ਦਾ ਨਾਂਅ ਬਦਲ ਕੇ ਹੁਣ 'ਸੇਵਾ ਤੀਰਥ' ਕਰ ਦਿੱਤਾ ਗਿਆ ਹੈ | ਇਸ ਦੇ ਨਾਲ ਹੀ ਕੇਂਦਰੀ ਸਕੱਤਰੇਤ ਦੇ ਨਾਂਅ 'ਚ ਵੀ ਬਦਲਾਅ ਕਰਦਿਆਂ ਇਸ ਦਾ ਨਾਂਅ ਕਰਤਵੱਯ ਭਵਨ ਕਰ ਦਿੱਤਾ ਗਿਆ ਹੈ | ਇਸ ਤੋਂ ਇਲਾਵਾ ਕੇਂਦਰ ਸਰਕਾਰ ਨੇ ਦੇਸ਼ ਭਰ ਦੇ ਰਾਜ ਭਵਨਾ ਦਾ ਨਾਂਅ ਬਦਲ ਕੇ ਲੋਕ ਭਵਨ ਕਰ ਦਿੱਤਾ ਹੈ | ਉਕਤ ਬਦਲਾਅ ਗ੍ਰਹਿ ਮੰਤਰਾਲੇ ਵਲੋਂ ਜਾਰੀ ਇਕ ਨਿਰਦੇਸ਼ ਤੋਂ ਬਾਅਦ ਕੀਤੇ ਗਏ ਹਨ | ਰਾਜਾਂ ਦੇ ਰਾਜਪਾਲ ਅਤੇ ਕੇਂਦਰੀ ਪ੍ਰਬੰਧਿਤ ਪ੍ਰਦੇਸ਼ਾਂ ਦੇ ਉਪ ਰਾਜਪਾਲ ਦੇ ਮੁੱਖ ਸਕੱਤਰ ਜਾਂ ਸਕੱਤਰ ਨੂੰ ਲਿਖੀ ਚਿੱਠੀ 'ਚ ਗ੍ਰਹਿ ਮੰਤਰਾਲੇ ਨੇ ਪਿਛਲੇ ਸਾਲ ਹੋਈ ਰਾਜਪਾਲਾਂ ਦੀ ਕਾਨਫਰੰਸ 'ਚ ਦਿੱਤੇ ਸੁਝਾਅ ਦਾ ਜ਼ਿਕਰ ਕਰਦਿਆਂ ਕਿਹਾ ਕਿ ਰਾਜਭਵਨ ਸ਼ਬਦ ਉਪਨਿਵੇਸ਼ ਦੇ ਦੌਰ ਨੂੰ ਦਰਸਾਉਂਦਾ ਹੈ | ਗ੍ਰਹਿ ਮੰਤਰਾਲੇ ਦੇ ਨਿਰਦੇਸ਼ 'ਚ ਕਿਹਾ ਗਿਆ ਕਿ ਇਸ ਲਈ ਗੁਜ਼ਾਰਿਸ਼ ਕੀਤੀ ਜਾਂਦੀ ਹੈ ਕਿ ਸਾਰੇ ਸਰਕਾਰੀ ਕੰਮਾਂ ਲਈ ਰਾਜਪਾਲ ਅਤੇ ਉਹ ਰਾਜਪਾਲ ਦੇ ਦਫਤਰਾਂ ਦੇ ਨਾਂਅ ਲੋਕ ਭਵਨ ਅਤੇ ਲੋਕ ਨਿਵਾਸ ਰੱਖੇ ਜਾਣ | ਜ਼ਿਕਰਯੋਗ ਹੈ ਕਿ ਪੱਛਮੀ ਬੰਗਾਲ, ਤਾਮਿਲਨਾਡੂ, ਕੇਰਲ, ਅਸਾਮ, ਉੱਤਰਾਖੰਡ, ਓਡੀਸ਼ਾ, ਗੁਜਰਾਤ, ਤਿ੍ਪੁਰਾ ਅਤੇ ਰਾਜਸਥਾਨ ਦੇ ਰਾਜਭਵਨ ਦਾ ਨਾਂਅ ਬਦਲ ਕੇ ਲੋਕ ਭਵਨ ਕਰਨ ਦਾ ਐਲਾਨ ਕਰ ਦਿੱਤਾ ਹੈ ਜਦਕਿ ਲੱਦਾਖ ਦੇ ਰਾਜ ਨਿਵਾਸ ਦਾ ਨਾਂਅ ਬਦਲ ਕੇ ਲੋਕ ਨਿਵਾਸ ਕਰ ਦਿੱਤਾ ਗਿਆ ਹੈ | ਪ੍ਰਧਾਨ ਮੰਤਰੀ ਦੇ ਦਫਤਰ ਦਾ ਨਾਂਅ ਬਦਲ ਕੇ ਸੇਵਾ ਤੀਰਥ ਰੱਖਣ ਤੋਂ ਇਲਾਵਾ ਇਸ ਦੀ ਸ਼ਿਫਟਿੰਗ ਦੀ ਤਿਆਰੀ ਜ਼ੋਰਾਂ 'ਤੇ ਹੈ | ਹਾਸਿਲ ਜਾਣਕਾਰੀ ਮੁਤਾਬਿਕ ਪ੍ਰਧਾਨ ਮੰਤਰੀ ਦਫਤਰ ਛੇਤੀ ਹੀ ਸਾਊਥ ਬਲਾਕ ਦੇ ਆਪਣੇ ਪੁਰਾਣੇ ਦਫਤਰ ਤੋਂ ਨਿਕਲ ਕੇ ਨਵੇਂ 'ਸੇਵਾ ਤੀਰਥ' ਕੰਪਲੈਕਸ 'ਚ ਸ਼ਿਫਟ ਹੋ ਜਾਵੇਗਾ | ਇਸ ਕੰਪਲੈਕਸ 'ਚ ਤਿੰਨ ਆਧੁਨਿਕ ਇਮਾਰਤਾਂ ਹਨ | ਸੇਵਾ ਤੀਰਥ (1) 'ਚ ਪ੍ਰਧਾਨ ਮੰਤਰੀ ਦਾ ਦਫਤਰ ਸ਼ਿਫਟ ਹੋਵੇਗਾ ਜਦਕਿ ਸੇਵਾ ਤੀਰਥ (2) ਅਤੇ ਸੇਵਾ ਤੀਰਥ (3) ਇਮਾਰਤਾਂ 'ਚ ਕੈਬਨਿਟ ਸਕੱਤਰੇਤ ਅਤੇ ਰਾਸ਼ਟਰੀ ਸੁਰੱਖਿਆ ਸਲਾਹਕਾਰ ਦਾ ਦਫਤਰ ਹੋਵੇਗਾ | ਇਨ੍ਹਾਂ ਇਮਾਰਤਾਂ 'ਚ ਸ਼ਿਫਟਿੰਗ ਸ਼ੁਰੂ ਹੋ ਚੁੱਕੀ ਹੈ | 14 ਅਕਤੂਬਰ ਨੂੰ ਕੈਬਨਿਟ ਸਕੱਤਰ ਟੀ ਵੀ ਸੋਮਨਾਥਨ ਨੇ ਚੀਫ ਆਫ ਡਿਫੈਂਸ ਸਟਾਫ ਅਤੇ ਤਿੰਨੋਂ ਫੌਜ ਮੁਖੀਆਂ ਨਾਲ ਸੇਵਾ ਤੀਰਥ (2) 'ਚ ਇਕ ਅਹਿਮ ਮੀਟਿੰਗ ਵੀ ਕੀਤੀ ਸੀ | ਹਾਸਿਲ ਜਾਣਕਾਰੀ ਮੁਤਾਬਿਕ ਇਹ ਦਫਤਰ ਆਧੁਨਿਕ ਸੁਵਿਧਾਵਾਂ ਨਾਲ ਲੈਸ ਹੋਣਗੇ | ਜਿਸ ਨਾਲ ਸਰਕਾਰੀ ਕੰਮ ਕਾਜ 'ਚ ਤੇਜ਼ੀ ਆਵੇਗੀ | ਪ੍ਰਧਾਨ ਮੰਤਰੀ ਦਫਤਰ ਦੇ ਅਧਿਕਾਰੀ ਨੇ ਕਿਹਾ ਕਿ ਜਨਤਕ ਸੰਸਥਾਵਾਂ 'ਚ ਵੱਡਾ ਬਦਲਾਅ ਹੋ ਰਿਹਾ ਹੈ | ਸੱਤਾ ਤੋਂ ਸੇਵਾ ਵੱਲ ਵਧ ਰਹੇ ਹਾਂ | ਇਹ ਬਦਲਾਅ ਪ੍ਰਸ਼ਾਸਨਿਕ ਨਹੀਂ ਸਗੋਂ ਸੱਭਿਆਚਾਰਕ ਹੈ | ਜ਼ਿਕਰਯੋਗ ਹੈ ਇਸ ਤੋਂ ਪਹਿਲਾਂ ਕੇਂਦਰ ਨੇ ਰਾਜਪਥ ਦਾ ਨਾਂਅ ਬਦਲ ਕੇ ਕਰਤਵੱਯ ਪਥ, ਪ੍ਰਧਾਨ ਮੰਤਰੀ ਦੀ ਰਿਹਾਇਸ਼ ਦੀ ਸੜਕ ਰੇਸ ਕੋਰਟ ਰੋਡ ਦਾ ਨਾਂਂਅ ਬਦਲ ਕੇ ਲੋਕ ਕਲਿਆਣ ਮਾਰਗ ਕੀਤਾ ਸੀ |

ਪਿਛਲੀ ਖ਼ਬਰ ਟਰਾਂਸਪੋਰਟ ਵਿਭਾਗ ਦੇ ਕੱਚੇ ਵਰਕਰਾਂ ਦੀ ਸੂਬਾ ਪੱਧਰੀ ਹੜਤਾਲ ਸਮਾਪਤ <br/> ਅਗਲੀ ਖ਼ਬਰ ਇਮਰਾਨ ਖ਼ਾਨ ਜਿਊਾਦਾ ਹੈ-ਭੈਣ ਨੇ ਜੇਲ੍ਹ 'ਚ ਕੀਤੀ ਮੁਲਾਕਾਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।