26-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-12-2025

ਲਾਜ਼ਮੀ ਨਹੀਂ ਹੋਵੇਗਾ 'ਸੰਚਾਰ ਸਾਥੀ' ਐਪ ਰੱਖਣਾ-ਕੇਂਦਰ <br/>

ਅਜੀਤ ਡੈਸਕ 03-12-2025

• ਐਪ 'ਤੇ ਉੱਠੇ ਵਿਵਾਦ ਤੋਂ ਬਾਅਦ ਕੇਂਦਰ ਨੇ ਦਿੱਤਾ ਸਪੱਸ਼ਟੀਕਰਨ • ਸਰਕਾਰ ਲੋਕਾਂ ਦੀ ਜਾਸੂਸੀ ਕਰਨਾ ਚਾਹੁੰਦੀ ਹੈ-ਕਾਂਗਰਸ
ਨਵੀਂ ਦਿੱਲੀ, 2 ਦਸੰਬਰ (ਉਪਮਾ ਡਾਗਾ ਪਾਰਥ)-ਕੇਂਦਰ ਵਲੋਂ ਫੋਨ ਨਿਰਮਾਤਾਵਾਂ ਨੂੰ ਮੋਬਾਈਲ ਹੈਾਡਸੈੱਟਾਂ 'ਚ 'ਸੰਚਾਰ ਸਾਥੀ' ਐਪ ਨੂੰ ਭਾਰਤ 'ਚ ਵੇਚੇ ਜਾਣ ਤੋਂ ਪਹਿਲਾਂ ਇੰਸਟਾਲ ਕਰਨ ਦੇ ਆਦੇਸ਼ 'ਤੇ ਵੱਡਾ ਸਿਆਸੀ ਉਬਾਲ ਆਉਣ ਤੋਂ ਬਾਅਦ ਕੇਂਦਰੀ ਸੰਚਾਰ ਮੰਤਰੀ ਜਿਓਤੀਰਾਦਿੱਤਿਆ ਸਿੰਧੀਆ ਨੇ ਸਪੱਸ਼ਟੀਕਰਨ ਦਿੰਦਿਆ ਕਿਹਾ ਕਿ ਜੇਕਰ ਕੋਈ ਇਸ ਐਪ ਨੂੰ ਨਹੀਂ ਵਰਤਣਾ ਚਾਹੁੰਦਾ ਤਾਂ ਮੋਬਾਈਲ ਫੋਨ ਵਰਤਣ ਵਾਲਿਆਂ ਕੋਲ ਇਸ ਐਪ ਨੂੰ ਹਟਾਉਣ (ਡਿਲੀਟ ਕਰਨ) ਦਾ ਬਦਲ ਹੋਵੇਗਾ | ਸਿੰਧੀਆ ਵਲੋਂ ਉਕਤ ਸਪੱਸ਼ਟੀਕਰਨ ਵਿਰੋਧੀ ਧਿਰਾਂ ਵਲੋਂ ਉੱਠੇ ਤਿੱਖੇ ਪ੍ਰਤੀਕਰਮਾਂ ਤੋਂ ਬਾਅਦ ਆਇਆ ਹੈ, ਜਿਸ 'ਚ ਉਨ੍ਹਾਂ ਉਕਤ ਆਦੇਸ਼ ਨੂੰ ਆਮ ਲੋਕਾਂ ਦੀ ਨਿੱਜਤਾ 'ਤੇ ਸਿੱਧਾ ਹਮਲਾ ਕਰਾਰ ਦਿੱਤਾ | ਮਾਮਲੇ ਦੇ ਪਿਛੋਕੜ 'ਚ ਕੇਂਦਰ ਸਰਕਾਰ ਵਲੋਂ 1 ਦਸੰਬਰ ਨੂੰ ਸਮਾਰਟ ਫੋਨ ਕੰਪਨੀਆਂ ਦੇ ਨਿਰਮਾਤਾਵਾਂ ਨੂੰ ਦਿੱਤਾ ਉਹ ਆਦੇਸ਼ ਸੀ, ਜਿਸ 'ਚ ਕਿਹਾ ਗਿਆ ਸੀ ਕਿ ਉਹ ਸਮਾਰਟ ਫੋਨ 'ਚ ਸਰਕਾਰੀ ਸਾਈਬਰ ਸੇਫਟੀ ਐਪ ਨੂੰ ਪਹਿਲਾਂ ਤੋਂ ਇੰਸਟਾਲ ਕਰ ਕੇ ਵੇਚਣ | ਇਸਦੇ ਲਈ ਉਨ੍ਹਾਂ ਨੂੰ 90 ਦਿਨਾਂ ਦਾ ਸਮਾਂ ਦਿੱਤਾ ਗਿਆ ਸੀ | ਕਾਂਗਰਸ ਨੇ ਸਰਕਾਰ ਵਲੋਂ ਫੋਨ ਨਿਰਮਾਤਾਵਾਂ ਨੂੰ 'ਸੰਚਾਰ ਸਾਥੀ' ਇੰਸਟਾਲ ਕਰਨ ਦੇ ਆਦੇਸ਼ ਨੂੰ ਨਿੱਜਤਾ 'ਤੇ ਖ਼ਤਰੇ ਦਾ ਖਦਸ਼ਾ ਪ੍ਰਗਟਾਇਆ | ਕਾਂਗਰਸ ਦੇ ਕੇ.ਸੀ. ਵੇਣੂਗੋਪਾਲ ਦੇ ਇਸ ਕਦਮ ਨੂੰ ਅਸੰਵਿਧਾਨਕ ਦੱਸਦਿਆਂ ਕਿਹਾ ਕਿ ਨਿੱਜਤਾ ਦਾ ਅਧਿਕਾਰ ਜ਼ਿੰਦਗੀ ਅਤੇ ਸੁਤੰਤਰਤਾ ਦੇ ਬੁਨਿਆਦੀ ਹੱਕਾਂ, ਜੋ ਕਿ ਸੰਵਿਧਾਨ ਦੀ ਧਾਰਾ 21 'ਚ ਦਰਜ ਹੈ, ਦਾ ਇਕ ਅਨਿੱਖੜਵਾਂ ਹਿੱਸਾ ਹੈ | ਕੇਰਲ ਦੇ ਵਾਇਨਾਡ ਤੋਂ ਸੰਸਦ ਮੈਂਬਰ ਪਿ੍ਅੰਕਾ ਗਾਂਧੀ ਨੇ 'ਸੰਚਾਰ ਸਾਥੀ' ਨੂੰ ਜਾਸੂਸੀ ਐਪ ਦੱਸਦਿਆਂ ਕਿਹਾ ਕਿ ਇਸ ਤਰ੍ਹਾਂ ਦਾ ਆਦੇਸ਼ ਨਾਗਰਿਕਾਂ ਦੀ ਨਿੱਜਤਾ ਦੇ ਅਧਿਕਾਰ ਦਾ ਉਲੰਘਣ ਹੈ | ਉਨ੍ਹਾਂ ਕਿਹਾ ਕਿ ਹਰ ਵਿਅਕਤੀ ਨੂੰ ਆਪਣੇ ਪਰਿਵਾਰ ਅਤੇ ਦੋਸਤਾਂ ਨੂੰ ਬਿਨਾਂ ਡਰ ਦੇ ਮੈਸੇਜ ਭੇਜਣ ਦਾ, ਗੱਲਬਾਤ ਕਰਨ ਦਾ ਅਧਿਕਾਰ ਹੈ | ਸਰਕਾਰ ਨੂੰ ਹਰ ਗੱਲ ਨਹੀਂ ਵੇਖਣੀ ਚਾਹੀਦੀ | ਪਿ੍ਅੰਕਾ ਗਾਂਧੀ ਨੇ ਸਰਕਾਰ 'ਤੇ ਦੋਸ਼ ਲਗਾਉਂਦਿਆਂ ਕਿਹਾ ਕਿ ਉਹ ਇਸ ਦੇਸ਼ ਨੂੰ ਹਰ ਰੂਪ 'ਚ ਤਾਨਾਸ਼ਾਹੀ 'ਚ ਬਦਲਣਾ ਚਾਹੁੰਦੇ ਹਨ | ਪਿ੍ਅੰਕਾ ਗਾਂਧੀ ਨੇ ਕਿਹਾ ਕਿ ਧੋਖਾਧੜੀ ਦੀ ਰਿਪੋਰਟ ਕਰਨ ਲਈ ਇਕ ਅਸਰਦਾਰ ਪ੍ਰਣਾਲੀ ਹੋਣੀ ਚਾਹੀਦੀ ਹੈ | ਧੋਖਾਧੜੀ ਬਾਰੇ ਰਿਪੋਰਟ ਕਰਨ ਅਤੇ ਇਹ ਦੇਖਣ 'ਚ ਬਹੁਤ ਪਤਲੀ ਲਾਈਨ ਹੈ ਕਿ ਭਾਰਤ ਦਾ ਹਰ ਨਾਗਰਿਕ ਆਪਣੇ ਫੋਨ 'ਤੇ ਕੀ ਕਰ ਰਿਹਾ ਹੈ? ਕਾਂਗਰਸ ਦੇ ਸੰਸਦ ਮੈਂਬਰ ਕਾਰਤੀ ਚਿਦੰਬਰਮ ਨੇ ਸਰਕਾਰ ਨੂੰ ਨਿਸ਼ਾਨਾ ਬਣਾਉਂਦਿਆਂ ਕਿਹਾ ਕਿ ਅਜਿਹਾ ਰੂਸ ਅਤੇ ਉੱਤਰੀ ਕੋਰੀਆ 'ਚ ਕੀਤਾ ਗਿਆ ਸੀ | ਉਹ ਹੁਣ ਸਾਡੀਆਂ ਨਿੱਜੀ ਤਸਵੀਰਾਂ ਅਤੇ ਵੀਡੀਓ ਦੀ ਜਾਸੂਸੀ ਕਰਨਾ ਚਾਹੁੰਦੇ ਹਨ |
ਐਪ ਫੋਨ 'ਚ ਰੱਖਣਾ ਪੂਰੀ ਤਰ੍ਹਾਂ ਲੋਕਾਂ ਦੀ ਇੱਛਾ 'ਤੇ ਨਿਰਭਰ-ਸਿੰਧੀਆ
'ਸੰਚਾਰ ਸਾਥੀ' ਐਪ 'ਤੇ ਉੱਠੇ ਵਿਵਾਦ ਤੋਂ ਬਾਅਦ ਕੇਂਦਰੀ ਸੰਚਾਰ ਮੰਤਰੀ ਜਿਓਤੀਰਾਦਿੱਤੀਆ ਸਿੰਧੀਆ ਨੇ ਸੋਸ਼ਲ ਮੀਡੀਆ 'ਤੇ ਪਾਏ ਸੰਦੇਸ਼ ਅਤੇ ਸੰਸਦ ਦੇ ਬਾਹਰ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਇਹ ਇਕ ਪੂਰੀ ਤਰ੍ਹਾਂ ਸਵੈ-ਇੱਛੁਕ ਭਾਵ ਆਪਣੀ ਮਰਜ਼ੀ 'ਤੇ ਆਧਾਰਿਤ ਅਤੇ ਲੋਕਤੰਤਰਿਕ ਵਿਵਸਥਾ ਹੈ | ਉਪਭੋਗਤਾ ਚਾਹੇ ਤਾਂ ਐਪ ਨੂੰ ਸਰਗਰਮ ਕਰਕੇ ਇਸ ਦਾ ਫਾਇਦਾ ਚੁੱਕ ਸਕਦੇ ਹਨ ਅਤੇ ਜੇਕਰ ਉਹ ਚਾਹੁਣ ਤਾਂ ਉਹ ਕਿਸੇ ਵੀ ਸਮੇਂ ਇਸ ਐਪ ਨੂੰ ਹਟਾ ਵੀ ਸਕਦੇ ਹਨ | ਸਿੰਧੀਆ ਨੇ ਐਪ 'ਤੇ ਭਰੋਸਾ ਪ੍ਰਗਟ ਕਰਦਿਆਂ ਕਿਹਾ ਕਿ ਇਸ ਐਪ ਦਾ ਉਦੇਸ਼ ਹਰ ਵਿਅਕਤੀ ਦੀ ਨਿੱਜਤਾ ਦੀ ਰਾਖੀ ਕਰਨਾ ਅਤੇ ਆਨਲਾਈਨ ਠੱਗੀ ਤੋਂ ਬਚਾਉਣਾ ਹੈ | ਉਨ੍ਹਾਂ ਕਿਹਾ ਕਿ ਇਹ ਐਪ ਖਪਤਕਾਰਾਂ ਦੀ ਰਾਖੀ 'ਚ ਚੁੱਕਿਆ ਕਦਮ ਹੈ | ਜੇਕਰ ਤੁਸੀਂ ਰਜਿਸਟਰ ਨਹੀਂ ਕਰਨਾ ਚਾਹੁੰਦੇ ਤਾਂ ਐਪ ਨੂੰ ਡਿਲੀਟ ਕਰ ਸਕਦੇ ਹੋ |

ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਜਪਾਨੀ ਉਦਯੋਗਪਤੀਆਂ ਨੂੰ ਪੰਜਾਬ 'ਚ ਨਿਵੇਸ਼ ਕਰਨ ਦਾ ਸੱਦਾ ਅਗਲੀ ਖ਼ਬਰ ਟਰਾਂਸਪੋਰਟ ਵਿਭਾਗ ਦੇ ਕੱਚੇ ਵਰਕਰਾਂ ਦੀ ਸੂਬਾ ਪੱਧਰੀ ਹੜਤਾਲ ਸਮਾਪਤ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।