ਕਿਹਾ, ਇਮਰਾਨ ਖ਼ਾਨ ਤੰਦਰੁਸਤ, ਪਰ ਮਾਨਸਿਕ ਤੌਰ 'ਤੇ ਦਿੱਤੇ ਜਾ ਰਹੇ ਤਸੀਹੇ
ਅੰਮਿ੍ਤਸਰ, 2 ਦਸੰਬਰ (ਸੁਰਿੰਦਰ ਕੋਛੜ)-ਰਾਵਲਪਿੰਡੀ ਦੀ ਅਡਿਆਲਾ ਜੇਲ੍ਹ ਦੇ ਅਧਿਕਾਰੀਆਂ ਨੇ ਅੱਜ ਪੀ. ਟੀ. ਆਈ. (ਪਾਕਿਸਤਾਨ ਤਹਿਰੀਕ-ਏ-ਇਨਸਾਫ਼) ਪਾਰਟੀ ਦੇ ਸੰਸਥਾਪਕ ਇਮਰਾਨ ਖ਼ਾਨ ਦੀ ਭੈਣ ਉਜ਼ਮਾ ਖ਼ਾਨਮ ਨੂੰ ਜੇਲ੍ਹ 'ਚ ਬੰਦ ਸਾਬਕਾ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਦੀ ਇਜਾਜ਼ਤ ਦਿੱਤੀ | ਲਗਭਗ 27 ਦਿਨਾਂ ਬਾਅਦ ਸੰਭਵ ਹੋ ਸਕੀ ਇਸ ਲਗਭਗ 20 ਮਿੰਟ ਦੀ ਮੁਲਾਕਾਤ ਤੋਂ ਬਾਅਦ ਉਜ਼ਮਾ ਖ਼ਾਨਮ ਨੇ ਜੇਲ੍ਹ ਤੋਂ ਬਾਹਰ ਆਉਣ 'ਤੇ ਕਿਹਾ ਕਿ ਇਮਰਾਨ ਖ਼ਾਨ ਦੀ ਸਿਹਤ ਠੀਕ ਹੈ, ਹਾਲਾਂਕਿ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਾਨਸਿਕ ਤੌਰ 'ਤੇ ਤਸੀਹੇ ਦਿੱਤੇ ਜਾ ਰਹੇ ਸਨ ਤੇ ਇਸ ਸਭ ਲਈ ਪਾਕਿ ਫ਼ੌਜ ਮੁਖੀ ਜਨਰਲ ਆਸਿਮ ਮੁਨੀਰ ਜ਼ਿੰਮੇਵਾਰ ਹਨ | ਉਨ੍ਹਾਂ ਇਹ ਵੀ ਕਿਹਾ ਕਿ ਉਹ ਇਸ ਬਾਰੇ ਡੂੰਘਾਈ ਨਾਲ ਅੱਪਡੇਟ ਆਪਣੀਆਂ ਭੈਣਾਂ ਅਲੀਮਾ ਖ਼ਾਨ ਅਤੇ ਨੋਰੀਨ ਖ਼ਾਨ ਨਾਲ ਸਲਾਹ-ਮਸ਼ਵਰਾ ਕਰਨ ਤੋਂ ਬਾਅਦ ਦੇਵੇਗੀ | ਉਜ਼ਮਾ ਦੇ ਇਸ ਬਿਆਨ ਨਾਲ ਫਿਲਹਾਲ ਸਾਬਕਾ ਪ੍ਰਧਾਨ ਮੰਤਰੀ ਦੀ ਸਿਹਤ ਬਾਰੇ ਹਫ਼ਤਿਆਂ ਤੋਂ ਚੱਲ ਰਹੀਆਂ ਅਟਕਲਾਂ ਖ਼ਤਮ ਹੋ ਗਈਆਂ ਹਨ | ਦੂਜੇ ਪਾਸੇ, ਜੇਲ੍ਹ ਅਧਿਕਾਰੀਆਂ ਨੇ ਦਾਅਵਾ ਕੀਤਾ ਹੈ ਕਿ ਜੇਲ੍ਹ ਨਿਯਮਾਂ ਤਹਿਤ ਮੁਲਾਕਾਤਾਂ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ ਤਾਂ ਜੋ ਨਾ ਸਿਰਫ਼ ਸਾਬਕਾ ਪ੍ਰਧਾਨ ਮੰਤਰੀ ਸਗੋਂ ਹੋਰ ਕੈਦੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ | ਉਨ੍ਹਾਂ ਇਹ ਵੀ ਦੋਸ਼ ਲਗਾਇਆ ਕਿ ਇਮਰਾਨ ਖ਼ਾਨ ਨੂੰ ਮਿਲਣ ਵਾਲੇ ਪੀ. ਟੀ. ਆਈ. ਨੇਤਾਵਾਂ ਨੇ ਉਨ੍ਹਾਂ ਨਾਲ ਰਾਜਨੀਤਕ ਮੁੱਦਿਆਂ 'ਤੇ ਚਰਚਾ ਕੀਤੀ ਸੀ | ਜਿਸ ਦੀ ਉਨ੍ਹਾਂ ਨੂੰ ਇਜਾਜ਼ਤ ਨਹੀਂ ਹੈ | ਦੱਸਿਆ ਜਾ ਰਿਹਾ ਹੈ ਕਿ ਮੁਲਾਕਾਤ ਲਈ ਜਾਣ ਤੋਂ ਪਹਿਲਾਂ ਉਜ਼ਮਾ ਨੇ ਆਪਣੀ ਭੈਣ ਅਲੀਮਾ ਖਾਨ ਨਾਲ ਲੰਬੀ ਗੱਲਬਾਤ ਕੀਤੀ | ਇਸ ਤੋਂ ਪਹਿਲਾਂ ਇਮਰਾਨ ਖਾਨ 5 ਨਵੰਬਰ ਨੂੰ ਆਪਣੀ ਭੈਣ ਨੋਰੀਨ ਖ਼ਾਨ ਨੂੰ ਮਿਲੇ ਸਨ | ਜਦਕਿ 25 ਨਵੰਬਰ ਨੂੰ ਜਦੋਂ ਇਮਰਾਨ ਖ਼ਾਨ ਦੇ ਸਮਰਥਕ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਨੂੰ ਮਿਲਣ ਗਏ ਤਾਂ ਜੇਲ੍ਹ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਇਜਾਜ਼ਤ ਨਹੀਂ ਦਿੱਤੀ | ਇਸ ਤੋਂ ਬਾਅਦ ਅਫ਼ਵਾਹਾਂ ਫੈਲ ਗਈਆਂ ਕਿ ਇਮਰਾਨ ਖ਼ਾਨ ਦੀ ਮੌਤ ਹੋ ਗਈ ਹੈ ਤੇ ਪਾਕਿਸਤਾਨੀ ਸਰਕਾਰ ਇਸ ਨੂੰ ਲੁਕਾ ਰਹੀ ਹੈ | ਮੀਡੀਆ ਰਿਪੋਰਟਾਂ ਮੁਤਾਬਿਕ ਪਾਕਿ 'ਚ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਦੇ ਸਮਰਥਕਾਂ 'ਚ ਸ਼ਾਹਬਾਜ਼ ਸ਼ਰੀਫ਼ ਦੀ ਅਗਵਾਈ ਵਾਲੀ ਸਰਕਾਰ ਤੇ ਉੱਥੋਂ ਦੀ ਫ਼ੌਜ ਖ਼ਿਲਾਫ਼ ਗੁੱਸਾ ਵਧਦਾ ਜਾ ਰਿਹਾ ਹੈ | ਪੀ. ਟੀ. ਆਈ. ਦੇ ਆਗੂਆਂ, ਕਾਰਕੰੁਨਾਂ ਤੇ ਸਮਰਥਕਾਂ ਨੇ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਰਾਵਲਪਿੰਡੀ 'ਚ ਵਿਸ਼ਾਲ ਵਿਰੋਧ ਪ੍ਰਦਰਸ਼ਨ ਦੀ ਯੋਜਨਾ ਬਣਾਈ ਹੈ | ਇਸ ਤੋਂ ਇਲਾਵਾ ਅੱਜ ਪੀ. ਟੀ. ਆਈ. ਦੇ ਸੰਸਦੀ ਮੈਂਬਰਾਂ ਨੇ ਅਸੈਂਬਲੀ 'ਚ ਵੀ ਇਮਰਾਨ ਖ਼ਾਨ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਪਾਕਿ ਸਰਕਾਰ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਇਸ ਸੰਬੰਧੀ ਪਿਸ਼ਾਵਰ, ਫੈਸਲਾਬਾਦ, ਕਰਾਚੀ ਅਤੇ ਕੋਇਟਾ ਸਮੇਤ ਪੂਰੇ ਪਾਕਿਸਤਾਨ ਤੋਂ ਵੱਡੀ ਗਿਣਤੀ 'ਚ ਲੋਕ ਰਾਵਲਪਿੰਡੀ ਲਈ ਰਵਾਨਾ ਹੋਏ, ਜਿਨ੍ਹਾਂ 'ਚ ਵੱਡੀ ਗਿਣਤੀ 'ਚ ਔਰਤਾਂ ਵੀ ਸ਼ਾਮਿਲ ਸਨ | ਇਸ ਸਭ ਦੇ ਮੱਦੇਨਜ਼ਰ ਰਾਵਲਪਿੰਡੀ ਪ੍ਰਸ਼ਾਸਨ ਨੇ ਇਮਰਾਨ ਖ਼ਾਨ ਸਮਰਥਕਾਂ ਦੁਆਰਾ ਕੀਤੇ ਜਾਣ ਵਾਲੇ ਇਕੱਠਾਂ ਤੇ ਵਿਰੋਧ ਪ੍ਰਦਰਸ਼ਨਾਂ 'ਤੇ ਪਾਬੰਦੀ ਦਾ ਐਲਾਨ ਕੀਤਾ ਹੈ | ਗ੍ਰਹਿ ਰਾਜ ਮੰਤਰੀ ਤਲਾਲ ਚੌਧਰੀ ਨੇ ਕਿਹਾ ਕਿ ਇਸਲਾਮਾਬਾਦ ਤੇ ਰਾਵਲਪਿੰਡੀ 'ਚ ਧਾਰਾ 144 ਲਗਾ ਦਿੱਤੀ ਗਈ ਹੈ ਤੇ ਰਾਵਲਪਿੰਡੀ ਪ੍ਰਸ਼ਾਸਨ, ਪੁਲਿਸ ਅਤੇ ਫ਼ੌਜ ਨੇ ਵੀ ਪੀ. ਟੀ. ਆਈ. ਕਾਰਕੁਨਾਂ ਨਾਲ ਨਜਿੱਠਣ ਦੀ ਪੂਰੀ ਤਿਆਰੀ ਕਰ ਲਈ ਹੈ | ਚੌਧਰੀ ਨੇ ਕਿਹਾ ਕਿ ਕਿਸੇ ਵੀ ਸਥਿਤੀ ਨਾਲ ਨਜਿੱਠਣ ਲਈ ਰਾਵਲਪਿੰਡੀ 'ਚ ਘੱਟੋ-ਘੱਟ 3,000 ਸੁਰੱਖਿਆ ਅਧਿਕਾਰੀ ਅਤੇ ਕਰਮਚਾਰੀ ਤਾਇਨਾਤ ਕੀਤੇ ਗਏ ਹਨ | ਇਸ ਸਭ ਦੀ ਆਲੋਚਨਾ ਕਰਦਿਆਂ ਇਮਰਾਨ ਖ਼ਾਨ ਦੀ ਭੈਣ ਅਲੀਮਾ ਖ਼ਾਨ ਨੇ ਕਿਹਾ ਕਿ ਪੁਲਿਸ ਨੇ ਜੇਲ੍ਹ ਦੇ ਬਾਹਰ ਸੜਕ 'ਤੇ ਗੰਦਾ ਪਾਣੀ ਛੱਡ ਦਿੱਤਾ ਤਾਂ ਕਿ ਉੱਥੇ ਪਰਿਵਾਰਕ ਮੈਂਬਰ ਮੁਲਾਕਾਤ ਲਈ ਇਕੱਠੇ ਨਾ ਹੋ ਸਕਣ | ਜਾਣਕਾਰੀ ਅਨੁਸਾਰ ਜੁੜਵਾਂ ਸ਼ਹਿਰਾਂ ਇਸਲਾਮਾਬਾਦ ਤੇ ਰਾਵਲਪਿੰਡੀ 'ਚ ਧਾਰਾ 144 ਲਾਗੂ ਕਰਦਿਆਂ 5 ਜਾਂ ਵੱਧ ਲੋਕਾਂ ਦੇ ਇਕੱਠ, ਰੈਲੀਆਂ, ਧਰਨਿਆਂ, ਰਾਜਨੀਤਿਕ ਰੈਲੀਆਂ ਅਤੇ ਜਲੂਸਾਂ 'ਤੇ ਵੀ ਪਾਬੰਦੀ ਲਗਾ ਦਿੱਤੀ ਗਈ ਹੈ | ਡਿਪਟੀ ਕਮਿਸ਼ਨਰ ਰਾਵਲਪਿੰਡੀ ਡਾ: ਹਸਨ ਵਕਾਰ ਚੀਮਾ ਨੇ ਕਿਹਾ ਕਿ ਖ਼ੁਫ਼ੀਆ ਰਿਪੋਰਟਾਂ ਤੋਂ ਪਤਾ ਚੱਲਦਾ ਹੈ ਕਿ ਕੁਝ ਸਮੂਹ ਵਿਰੋਧ ਪ੍ਰਦਰਸ਼ਨਾਂ ਦੀ ਆੜ 'ਚ ਕਾਨੂੰਨ ਤੇ ਵਿਵਸਥਾ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਹੇ ਹਨ | ਹਿੰਸਾ ਦੀ ਸੰਭਾਵਨਾ ਦੇ ਕਾਰਨ ਮੁੱਖ ਸਥਾਪਨਾਵਾਂ ਅਤੇ ਸੰਵੇਦਨਸ਼ੀਲ ਸਥਾਨਾਂ 'ਤੇ ਪਾਬੰਦੀਆਂ ਲਗਾਈਆਂ ਗਈਆਂ ਹਨ | ਇਸ ਦੇ ਬਾਵਜੂਦ ਇਸਲਾਮਾਬਾਦ ਹਾਈ ਕੋਰਟ ਦੇ ਬਾਹਰ ਇਮਰਾਨ ਖ਼ਾਨ ਦੇ ਸੈਂਕੜੇ ਸਮਰਥਕ ਇਕੱਠੇ ਹੋਏ ਤੇ ਉਨ੍ਹਾਂ ਨੇ ਆਪਣੇ ਨੇਤਾ ਦੀ ਰਿਹਾਈ ਤੇ ਆਜ਼ਾਦੀ ਦੀ ਮੰਗ ਕਰਦੇ ਹੋਏ ਨਾਅਰੇਬਾਜ਼ੀ ਕੀਤੀ |
ਇਮਰਾਨ ਖ਼ਾਨ ਜਿਊਾਦਾ ਹੈ-ਭੈਣ ਨੇ ਜੇਲ੍ਹ 'ਚ ਕੀਤੀ ਮੁਲਾਕਾਤ <br/>
ਅਜੀਤ ਡੈਸਕ
03-12-2025