ਨਵੀਂ ਦਿੱਲੀ, 2 ਦਸੰਬਰ (ਪੀ. ਟੀ. ਆਈ.)-ਕ੍ਰੇਮਲਿਨ ਦੇ ਬੁਲਾਰੇ ਦਮਿਤਰੀ ਪੇਸਕੋਵ ਨੇ ਮੰਗਲਵਾਰ ਨੂੰ ਕਿਹਾ ਕਿ ਮਾਸਕੋ ਭਾਰੀ ਵਪਾਰ ਘਾਟੇ 'ਤੇ ਨਵੀਂ ਦਿੱਲੀ ਦੀਆਂ ਚਿੰਤਾਵਾਂ ਤੋਂ ਪੂਰੀ ਤਰ੍ਹਾਂ ਜਾਣੂ ਹੈ, ਅਤੇ ਰੂਸ ਇਸ ਸਮੱਸਿਆ ਨੂੰ ਹੱਲ ਕਰਨ ਲਈ ਭਾਰਤ ਨਾਲ ਕੰਮ ਕਰ ਰਿਹਾ ਹੈ | ਭਾਰਤੀ ਪੱਤਰਕਾਰਾਂ ਲਈ ਇੱਕ ਵੀਡੀਓ-ਸਟ੍ਰੀਮਡ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ, ਪੇਸਕੋਵ ਨੇ ਕਈ ਮੁੱਦਿਆਂ 'ਤੇ ਗੱਲ ਕੀਤੀ, ਜਿਸ ਵਿੱਚ ਯੂਕਰੇਨ ਵਿੱਚ ਅਮਰੀਕੀ ਸ਼ਾਂਤੀ ਯੋਜਨਾ, ਰੂਸੀ ਕੱਚੇ ਤੇਲ 'ਤੇ ਅਮਰੀਕੀ ਪਾਬੰਦੀ ਅਤੇ ਭਾਰਤ ਨੂੰ ਰੂਸੀ ਰੱਖਿਆ ਪਲੇਟਫਾਰਮਾਂ ਅਤੇ ਤਕਨਾਲੋਜੀ ਦੀ ਸਪਲਾਈ ਸ਼ਾਮਿਲ ਹੈ | ਪੇਸਕੋਵ ਨੇ ਵਿਸ਼ਵ ਵਪਾਰ ਦੀ ਇੱਕ ਨਵੀਂ ਪ੍ਰਣਾਲੀ ਦੀ ਮੰਗ ਕੀਤੀ ਜਿਥੇ ਭੁਗਤਾਨ ਪ੍ਰਣਾਲੀ (ਡਾਲਰ-ਡੈਨੋਮੀਨੇਟਡ ਵਪਾਰ) ਨੂੰ ਰਾਜਨੀਤਿਕ ਸੰਦ' ਵਜੋਂ ਨਹੀਂ ਵਰਤਿਆ ਜਾਂਦਾ | ਹਾਲਾਂਕਿ, ਇਹ ਬਿਆਨ ਅਮਰੀਕਾ ਦੇ ਵਿਰੁੱਧ ਸੀ, ਪੇਸਕੋਵ ਨੇ ਯੂਕਰੇਨ ਯੁੱਧ ਨੂੰ ਖਤਮ ਕਰਨ ਲਈ ਅਮਰੀਕਾ ਦੇ ਹਾਲੀਆ ਵਿਚੋਲਗੀ ਯਤਨਾਂ ਦੀ ਪ੍ਰਸੰਸਾ ਕੀਤੀ ਤੇ ਉਨ੍ਹਾਂ ਨੂੰ ਬਹੁਤ ਪ੍ਰਭਾਵਸ਼ਾਲੀ ਕਿਹਾ | ਉਨ੍ਹਾਂ ਕਿਹਾ ਕਿ ਸਾਨੂੰ ਉਮੀਦ ਹੈ ਕਿ ਇਹ ਸਫਲ ਹੋਵੇਗਾ | ਉਨ੍ਹਾਂ ਨੇ ਅਮਰੀਕੀ ਵਾਰਤਾਕਾਰ ਸਟੀਵ ਵਿਟਕੋਫ ਦੇ ਪੁਤਿਨ ਨਾਲ ਮੁਲਾਕਾਤ ਤੋਂ ਕੁਝ ਘੰਟੇ ਪਹਿਲਾਂ ਕਿਹਾ ਕਿ ਅਸੀਂ ਇਸ 'ਚ ਯੋਗਦਾਨ ਪਾਉਣ ਲਈ ਤਿਆਰ ਹਾਂ | ਪੇਸਕੋਵ ਨੇ ਇਹ ਪ੍ਰੈੱਸ ਕਾਨਫਰੰਸ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ 4 ਅਤੇ 5 ਦਸੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਾਲਾਨਾ ਭਾਰਤ-ਰੂਸ ਸੰਮੇਲਨ ਲਈ ਨਵੀਂ ਦਿੱਲੀ ਦÏਰੇ ਤੋਂ ਪਹਿਲਾਂ ਪਰਦਾ ਚੁੱਕਣ ਵਜੋਂ ਕੀਤੀ ਹੈ |