13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-11-2025

ਨਿਤਿਸ਼ ਕੁਮਾਰ ਨੇ ਰਿਕਾਰਡ 10ਵੀਂ ਵਾਰ ਬਿਹਾਰ ਦੇ ਮੁੱਖ ਮੰਤਰੀ ਵਜੋਂ ਲਿਆ ਹਲਫ਼

ਅਜੀਤ ਡੈਸਕ 21-11-2025

26 ਕੈਬਨਿਟ ਮੰਤਰੀਆਂ ਨੇ ਵੀ ਚੁੱਕੀ ਸਹੁੰ
ਪਟਨਾ, 20 ਨਵੰਬਰ (ਪੀ. ਟੀ. ਆਈ.)-ਬਿਹਾਰ ਦੇ ਸਭ ਤੋਂ ਲੰਮੇ ਸਮੇਂ ਤੱਕ ਮੁੱਖ ਮੰਤਰੀ ਰਹੇ ਨਿਤਿਸ਼ ਕੁਮਾਰ ਨੇ ਅੱਜ ਇਥੇ ਸ਼ਾਨਦਾਰ ਸਮਾਗਮ ਦੌਰਾਨ ਰਿਕਾਰਡ 10ਵੀਂ ਵਾਰ ਮੁੱਖ ਮੰਤਰੀ ਵਜੋਂ ਹਲਫ਼ ਲਿਆ | ਰਾਜਪਾਲ ਆਰਿਫ਼ ਮੁਹੰਮਦ ਖਾਨ ਨੇ ਮੁੱਖ ਮੰਤਰੀ ਨਿਤਿਸ਼ ਕੁਮਾਰ ਦੇ ਨਾਲ 26 ਕੈਬਨਿਟ ਮੰਤਰੀਆਂ ਨੂੰ ਵੀ ਸਹੁੰ ਚੁਕਾਈ | ਜਿਨ੍ਹਾਂ 'ਚੋਂ 14 ਭਾਜਪਾ ਦੇ ਕੋਟੇ 'ਚੋਂ, 8 ਜੇ.ਡੀ.ਯੂ ਦੇ, ਐਲ.ਜੇ.ਪੀ (ਆਰਵੀ) ਦੇ 2 ਜਦੋਂਕਿ ਐਚ.ਏ.ਐਮ ਅਤੇ ਕੁਸ਼ਵਾਹਾ ਦੀ ਪਾਰਟੀ 'ਚੋਂ 1-1 ਨੂੰ ਮੰਤਰੀ ਬਣਾਇਆ ਗਿਆ ਹੈ | ਉੱਪ ਮੁੱਖ ਮੰਤਰੀ ਵਜੋਂ ਸਮਰਾਟ ਚੌਧਰੀ ਅਤੇ ਵਿਜੇ ਕੁਮਾਰ ਸਿਨਹਾ ਨੇ ਸਹੁੰ ਚੁੱਕੀ | ਪਟਨਾ ਦੇ ਇਤਿਹਾਸਕ ਗਾਂਧੀ ਮੈਦਾਨ ਵਿਚ ਕਰਵਾਏ ਸਮਾਗਮ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਭਾਜਪਾ ਪ੍ਰਧਾਨ ਜੇ.ਪੀ. ਨੱਢਾ, ਬਿਹਾਰ ਚੋਣਾਂ ਲਈ ਪਾਰਟੀ ਦੇ ਇੰਚਾਰਜ ਧਰਮਿੰਦਰ ਪ੍ਰਧਾਨ, ਐਨ.ਡੀ.ਏ ਸ਼ਾਸਿਤ ਸੂਬਿਆਂ ਦੇ ਮੁੱਖ ਮੰਤਰੀ, ਜਿੰਨ੍ਹਾਂ 'ਚ ਚੰਦਰਬਾਬੂ ਨਾਇਡੂ (ਆਂਧਰਾ ਪ੍ਰਦੇਸ਼), ਯੋਗੀ ਆਦਿੱਤਿਆਨਾਥ (ਉੱਤਰ ਪ੍ਰਦੇਸ਼), ਦੇਵੇਂਦਰ ਫੜਨਵੀਸ (ਮਹਾਰਾਸ਼ਟਰ), ਮੋਹਨ ਯਾਦਵ (ਮੱਧ ਪ੍ਰਦੇਸ਼), ਹੇਮੰਤ ਬਿਸਵਾ ਸਰਮਾ (ਅਸਾਮ) ਅਤੇ ਰੇਖਾ ਗੁਪਤਾ (ਦਿੱਲੀ) ਸਮੇਤ ਗੱਠਜੋੜ ਦੇ ਹੋਰ ਸੀਨੀਅਰ ਆਗੂ ਹਾਜ਼ਰ ਸਨ | ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਜਿਨ੍ਹਾਂ ਨੇ ਚੋਣ ਪ੍ਰਚਾਰ ਦੌਰਾਨ ਵੋਟਰਾਂ ਨੂੰ ਕਿਹਾ ਸੀ ਕਿ ਉਹ 'ਐਨ.ਡੀ.ਏ ਸਰਕਾਰ ਦੇ ਸਹੁੰ ਚੁੱਕ ਸਮਾਗਮ 'ਚ ਵਾਪਸ ਆਉਣਗੇ' ਨੇ ਸਮਰਥਕਾਂ ਦੇ ਵੱਡੇ ਇਕੱਠ ਨੂੰ ਉਸ ਵੇਲੇ ਖੁਸ਼ ਕਰ ਦਿੱਤਾ, ਜਦੋਂ ਉਨ੍ਹਾਂ ਨੇ ਆਪਣਾ ਟ੍ਰੇਡਮਾਰਕ 'ਗਮਛਾ' ਚੁੱਕਿਆ ਅਤੇ ਇਸ ਨੂੰ ਆਪਣੇ ਸਿਰ 'ਤੇ ਘੁਮਾਇਆ | ਇਹ ਇੱਕ ਅਜਿਹਾ ਸੰਕੇਤ ਹੈ ਜੋ 75 ਸਾਲਾ ਨੇਤਾ ਦੀ ਪਛਾਣ ਬਣ ਗਿਆ ਹੈ | 89 ਸੀਟਾਂ ਦੇ ਨਾਲ ਭਾਜਪਾ ਬਿਹਾਰ ਵਿਧਾਨ ਸਭਾ 'ਚ ਸਭ ਤੋਂ ਵੱਡੀ ਪਾਰਟੀ ਬਣ ਕੇ ਉਭਰੀ ਹੈ ਅਤੇ ਨਵੀਂ ਕੈਬਨਿਟ 'ਚ ਉਸ ਦੇ 14 ਮੰਤਰੀ ਹਨ | ਸਮਰਾਟ ਚੌਧਰੀ ਅਤੇ ਸਿਨਹਾ ਦੇ ਇਲਾਵਾ ਸਹੁੰ ਚੁੱਕਣ ਵਾਲੇ ਦੂਸਰੇ ਭਾਜਪਾ ਨੇਤਾਵਾਂ 'ਚ ਮੰਗਲ ਪਾਂਡੇ, ਨਿਤਿਨ ਨਬੀਨ ਅਤੇ ਸੁਰੇਂਦਰ ਪ੍ਰਸਾਦ ਮਹਿਤਾ ਸ਼ਾਮਿਲ ਹਨ ਅਤੇ ਇਹ ਸਾਰੇ ਪਿਛਲੀ ਸਰਕਾਰ 'ਚ ਵੀ ਮੰਤਰੀ ਸਨ | ਸੂਬਾ ਭਾਜਪਾ ਦੇ ਪ੍ਰਧਾਨ ਦਿਲੀਪ ਜਾਇਸਵਾਲ, ਜਿੰਨ੍ਹਾਂ ਨੇ ਪਾਰਟੀ ਦੀ 'ਇਕ ਵਿਅਕਤੀ, ਇਕ ਅਹੁਦਾ' ਨੀਤੀ ਤਹਿਤ ਕਰੀਬ 2 ਸਾਲ ਪਹਿਲਾਂ ਕੈਬਨਿਟ ਤੋਂ ਅਸਤੀਫ਼ਾ ਦੇ ਦਿੱਤਾ ਸੀ, ਨੂੰ ਮੁੜ ਮੰਤਰੀ ਮੰਡਲ 'ਚ ਸ਼ਾਮਿਲ ਕੀਤਾ ਗਿਆ ਹੈ | ਜਮੂਈ ਤੋਂ ਲਗਾਤਾਰ ਦੂਜੀ ਵਾਰ ਚੋਣ ਜਿੱਤਣ ਵਾਲੀ ਤੇ ਤਗ਼ਮਾ ਜੇਤੂ ਨਿਸ਼ਾਨੇਬਾਜ਼ ਸ਼੍ਰੇਅਸੀ ਸਿੰਘ ਨੂੰ ਵੀ ਕੈਬਨਿਟ ਵਿਚ ਦਾਖ਼ਲਾ ਮਿਲਿਆ ਹੈ | ਮੁਜ਼ੱਫਰਪੁਰ ਤੋਂ ਸਾਬਕਾ ਸੰਸਦ ਮੈਂਬਰ ਅਜੈ ਨਿਸ਼ਾਦ ਦੀ ਪਤਨੀ ਰਮਾ ਨਿਸ਼ਾਦ, ਜੋ ਚੋਣਾਂ ਦੇ ਦੌਰ 'ਚ ਭਾਜਪਾ ਵਿਚ ਸ਼ਾਮਿਲ ਹੋਈ ਸੀ ਅਤੇ ਔਰਾਈ ਤੋਂ ਚੋਣ ਜਿੱਤੀ ਹੈ, ਨੂੰ ਵੀ ਕੈਬਨਿਟ 'ਚ ਸ਼ਾਮਿਲ ਕੀਤਾ ਗਿਆ ਹੈ | ਜੇ.ਡੀ (ਯੂ) ਦੇ ਨੌਵੀਂ ਵਾਰ ਵਿਧਾਇਕ ਬਣੇ ਬਿਜੇਂਦਰ ਪ੍ਰਸਾਦ ਯਾਦਵ ਨੂੰ ਵੀ ਮੰਤਰੀ ਮੰਡਲ 'ਚ ਵਾਪਸ ਲਿਆਂਦਾ ਗਿਆ ਹੈ | ਜੇ.ਡੀ (ਯੂ) ਦੇ ਕੋਟੇ 'ਚੋਂ ਸ਼ਾਮਿਲ ਹੋਏ ਸਾਰੇ ਮੰਤਰੀ ਪਿਛਲੀ ਸਰਕਾਰ 'ਚ ਵੀ ਮੰਤਰੀ ਸਨ | ਜਿੰਨ੍ਹਾਂ 'ਚ ਐਨ.ਡੀ.ਏ ਦੇ ਇਕਲੌਤੇ ਮੁਸਲਿਮ ਵਿਧਾਇਕ ਜ਼ਮਾ ਖ਼ਾਨ ਵੀ ਸ਼ਾਮਿਲ ਹਨ | ਐਨ.ਡੀ.ਏ ਵਿਚ ਛੋਟੇ ਸਹਿਯੋਗੀ ਐਲ.ਜੇ.ਪੀ (ਆਰ.ਵੀ), ਐਚ.ਏ.ਐਮ ਅਤੇ ਆਰ.ਐਲ.ਐਮ ਵੀ ਸ਼ਾਮਿਲ ਹਨ, ਜਿਨ੍ਹਾਂ ਦੀ ਅਗਵਾਈ ਕ੍ਰਮਵਾਰ ਕੇਂਦਰੀ ਮੰਤਰੀ ਚਿਰਾਗ ਪਾਸਵਾਨ, ਜੀਤਨ ਰਾਮ ਮਾਂਝੀ ਅਤੇ ਰਾਜ ਸਭਾ ਮੈਂਬਰ ਉਪੇਂਦਰ ਕੁਸ਼ਵਾਹਾ ਕਰ ਰਹੇ ਹਨ | ਐਚ.ਏ.ਐਮ ਤੋਂ ਮਾਂਝੀ ਦੇ ਪੁੱਤਰ ਅਤੇ ਪਾਰਟੀ ਪ੍ਰਧਾਨ ਸੰਤੋਸ਼ ਸੁਮਨ ਨੂੰ ਦੁਬਾਰਾ ਸ਼ਾਮਿਲ ਕੀਤਾ ਗਿਆ ਹੈ | ਐਲ.ਜੇ.ਪੀ (ਆਰ.ਵੀ) ਦੇ ਮੰਤਰੀਆਂ ਵਿਚ ਸਵਰਗੀ ਰਾਮ ਵਿਲਾਸ ਪਾਸਵਾਨ ਦੇ ਸਹਿਯੋਗੀ ਬਾਖਰੀ ਦੇ ਸੰਜੇ ਕੁਮਾਰ ਪਾਸਵਾਨ ਅਤੇ ਮਹੂਆ ਵਿਚ ਤੇਜ ਪ੍ਰਤਾਪ ਯਾਦਵ ਨੂੰ ਹਰਾਉਣ ਵਾਲੇ ਸੰਜੇ ਕੁਮਾਰ ਸਿੰਘ ਸ਼ਾਮਿਲ ਹਨ | ਜ਼ਿਕਰਯੋਗ ਹੈ ਕਿ ਹਾਲ ਹੀ 'ਚ ਹੋਈਆ ਚੋਣਾਂ ਦੌਰਾਨ ਐਨ.ਡੀ.ਏ ਨੇ 243 ਸੀਟਾਂ ਵਾਲੀ ਵਿਧਾਨ ਸਭਾ 'ਚ 202 ਸੀਟਾਂ ਜਿੱਤ ਕੇ ਸ਼ਾਨਦਾਰ ਵਾਪਸੀ ਕੀਤੀ, ਜਿਸ 'ਚ ਭਾਜਪਾ ਨੂੰ 89, ਜੇ.ਡੀ.(ਯੂ) ਨੂੰ 85, ਐਲ.ਜੇ.ਪੀ (ਆਰ.ਵੀ) ਨੂੰ 19, ਐਚ.ਏ.ਐਮ ਨੂੰ 5 ਅਤੇ ਆਰ.ਐਲ.ਐਮ ਨੂੰ 4 ਸੀਟਾਂ ਮਿਲੀਆਂ ਹਨ | ਬਿਹਾਰ 'ਚ ਮੁੱਖ ਮੰਤਰੀ ਸਮੇਤ ਕੈਬਨਿਟ 'ਚ ਵੱਧ ਤੋਂ ਵੱਧ 36 ਮੰਤਰੀ ਹੋ ਸਕਦੇ ਹਨ |

ਪਿਛਲੀ ਖ਼ਬਰ 'ਕਸ਼ਮੀਰ ਟਾਈਮਜ਼' ਦੇ ਜੰਮੂ ਦਫ਼ਤਰ 'ਚ ਛਾਪੇਮਾਰੀ ਅਗਲੀ ਖ਼ਬਰ ਰਾਜਪਾਲ ਕੋਲ ਬਿੱਲ ਨੂੰ ਹਮੇਸ਼ਾ ਲਈ ਰੋਕਣ ਦਾ ਹੱਕ ਨਹੀਂ-ਸੁਪਰੀਮ ਕੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।