ਮੋਤੀਹਾਰੀ/ ਸੀਤਾਮੜੀ, 6 ਨਵੰਬਰ (ਪੀ. ਟੀ. ਆਈ)-ਕਾਂਗਰਸ ਦੀ ਸੀਨੀਅਰ ਨੇਤਾ ਪਿ੍ਅੰਕਾ ਗਾਂਧੀ ਨੇ ਬਿਹਾਰ ਦੇ ਮੋਤੀਹਾਰੀ ਅਤੇ ਸੀਤਾਮੜੀ 'ਚ ਚੋਣ ਰੈਲੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਐਨ.ਡੀ.ਏ ਹਰਿਆਣਾ ਵਾਂਗ ਬਿਹਾਰ ਵਿਧਾਨ ਸਭਾ ਚੋਣਾਂ 'ਚ ਵੀ ਵੋਟਾਂ ਚੋਰੀ ਕਰਨ ਦੀ ਤਿਆਰੀ ਕਰ ਰਹੀ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਵੀ ਸਾਡੇ ਸੰਵਿਧਾਨ ਅਤੇ ਲੋਕਤੰਤਰੀ ਅਧਿਕਾਰਾਂ ਨੂੰ ਕਮਜ਼ੋਰ ਕਰਨ ਲਈ ਸਰਕਾਰ ਨਾਲ ਮਿਲੀਭੁਗਤ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਰਾਹੁਲ ਗਾਂਧੀ ਦੀ ਲੜਾਈ ਤੁਹਾਡੇ ਲਈ ਅਤੇ ਸੱਚਾਈ ਲਈ ਹੈ | ਜੋ ਲੋਕ ਦੇਸ਼ ਨਾਲ ਵਿਸ਼ਵਾਸਘਾਤ ਕਰ ਰਹੇ ਹਨ, ਉਨ੍ਹਾਂ ਨੂੰ ਲੋਕ ਭੁੱਲਣਗੇ ਨਹੀਂ | ਪਿ੍ਅੰਕਾ ਨੇ ਕਿਹਾ ਕਿ ਜੇਕਰ ਬਿਹਾਰ ਵਿਧਾਨ ਸਭਾ ਚੋਣਾਂ ਸੁਤੰਤਰ ਅਤੇ ਨਿਰਪੱਖ ਤਰੀਕੇ ਨਾਲ ਹੋਈਆਂ ਤਾਂ ਐਨ.ਡੀ.ਏ ਸਰਕਾਰ ਨੂੰ ਉਖਾੜ ਦਿੱਤਾ ਜਾਵੇਗਾ ਅਤੇ ਉਸ ਦੀ ਜਗ੍ਹਾ ਇਕ ਅਜਿਹੀ ਸਰਕਾਰ ਆਵੇਗੀ ਜੋ ਗਰੀਬਾਂ, ਔਰਤਾਂ ਅਤੇ ਨੌਜਵਾਨਾਂ ਲਈ ਕੰਮ ਕਰੇਗੀ | ਉਨ੍ਹਾਂ ਕਿਹਾ ਕਿ ਐਨ.ਡੀ.ਏ ਸਰਕਾਰ ਬਿਹਾਰ ਦੇ ਲੋਕਾਂ ਦਾ ਕੋਈ ਸਤਿਕਾਰ ਨਹੀਂ ਕਰਦੀ, ਜਿੰਨ੍ਹਾਂ ਨੇ ਦੇਸ਼ ਦੇ ਵਿਕਾਸ 'ਚ ਮਹੱਤਵਪੂਰਨ ਯੋਗਦਾਨ ਪਾਇਆ ਹੈ |