08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2025

ਰਾਹੁਲ ਵਲੋਂ ਹਰਿਆਣਾ ਵਿਧਾਨ ਸਭਾ ਚੋਣਾਂ 'ਚ ਧਾਂਦਲੀ ਦੇ ਦੋਸ਼ <br/>

ਅਜੀਤ ਡੈਸਕ 06-11-2025

• 25 ਲੱਖ ਫਰਜ਼ੀ ਵੋਟਰ ਹੋਣ ਦਾ ਕੀਤਾ ਦਾਅਵਾ • ਕਿਹਾ, ਚੋਣ ਕਮਿਸ਼ਨ ਨੇ ਚੋਣਾਂ ਜਿਤਾਉਣ ਲਈ ਭਾਜਪਾ ਨਾਲ ਕੀਤੀ ਸੀ ਮਿਲੀਭੁਗਤ
ਨਵੀਂ ਦਿੱਲੀ, 5 ਨਵੰਬਰ (ਉਪਮਾ ਡਾਗਾ ਪਾਰਥ)-ਬਿਹਾਰ ਵਿਧਾਨ ਸਭਾ ਚੋਣਾਂ ਦੇ ਪਹਿਲੇ ਪੜਾਅ ਦੀ ਵੋਟਿੰਗ ਤੋਂ ਐਨ ਪਹਿਲਾਂ ਲੋਕਸਭਾ 'ਚ ਵਿਰੋਧੀ ਦੇ ਨੇਤਾ ਰਾਹੁਲ ਗਾਂਧੀ ਨੇ ਵੋਟ ਚੋਰੀ ਦਾ ਇਲਜ਼ਾਮ ਲਾਉਂਦਿਆਂ ਕਿਹਾ ਕਿ ਵੋਟ ਚੋਰੀ ਨਾਲ ਹਰਿਆਣਾ 'ਚ 'ਸਰਕਾਰ ਚੋਰੀ' ਹੋਈ ਹੈ | ਰਾਹੁਲ ਗਾਂਧੀ ਨੇ ਖਦਸ਼ਾ ਪ੍ਰਗਟਾਇਆ ਕਿ ਬਿਹਾਰ 'ਚ ਵੀ ਆਪ੍ਰੇਸ਼ਨ 'ਸਰਕਾਰ ਚੋਰੀ' ਚਲਾਇਆ ਜਾ ਰਿਹਾ ਹੈ | ਉਨ੍ਹਾਂ 'ਸਬੂਤ' ਵਜੋਂ ਬਿਹਾਰ ਦੇ 5 ਵੋਟਰਾਂ ਨੂੰ ਵੀ ਮੰਚ 'ਤੇ ਬੁਲਾਇਆ ਜਿਨ੍ਹਾਂ ਦੇ ਨਾਂਅ ਵੋਟਰ ਸੂਚੀ 'ਚੋਂ ਹਟਾ ਦਿੱਤੇ ਗਏ ਹਨ | ਹਾਲਾਂਕਿ ਭਾਜਪਾ ਨੇ ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫ਼ਰੰਸ ਤੋਂ ਫੌਰਨ ਬਾਅਦ ਜਵਾਬੀ ਪ੍ਰੈੱਸ ਕਾਨਫ਼ਰੰਸ ਕਰਦਿਆਂ ਇਨ੍ਹਾਂ ਇਲਜ਼ਾਮ ਾਂ ਨੂੰ ਧਿਆਨ ਭਟਕਾਉਣ ਵਾਲੇ ਅਤੇ ਬੇਬੁਨਿਆਦ ਦੱਸਦਿਆਂ ਖਾਰਜ ਕਰ ਦਿੱਤਾ | ਇਸ ਤੋਂ ਇਲਾਵਾ ਚੋਣ ਕਮਿਸ਼ਨ ਨੇ ਵੀ ਜਵਾਬੀ ਹਮਲਾ ਕਰਦਿਆਂ ਕਿਹਾ ਕਿ ਜੇਕਰ ਕਾਂਗਰਸ ਨੂੰ ਅਜਿਹਾ ਕੋਈ ਖਦਸ਼ਾ ਸੀ ਤਾਂ ਉਨ੍ਹਾਂ ਉਸ ਵੇਲੇ ਇਤਰਾਜ਼ ਕਿਉਂ ਨਹੀਂ ਪ੍ਰਗਟਾਇਆ |
ਹਰਿਆਣਾ 'ਚ 25 ਲੱਖ ਵੋਟਾਂ ਦੀ ਗੜਬੜੀ
ਰਾਹੁਲ ਗਾਂਧੀ ਨੇ ਹਰਿਆਣਾ ਵਿਧਾਨ ਸਭਾ ਚੋਣਾਂ 'ਚ 25 ਲੱਖ ਵੋਟਾਂ ਦੀ ਗੜਬੜੀ ਦਾ ਦਾਅਵਾ ਕਰਦਿਆਂ ਕਿਹਾ ਕਿ ਉਹ ਜਿਨ੍ਹਾਂ, ਸਬੂਤਾਂ ਨਾਲ 'ਸਰਕਾਰ ਚੋਰੀ' ਦੀ ਤਵਸੀਲ ਸਾਂਝੀ ਕਰ ਰਹੇ ਹਨ, ਉਨ੍ਹਾਂ ਤੋਂ ਸਾਫ਼ ਹੁੰਦਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਚੋਣ ਕਮਿਸ਼ਨ ਨੇ ਮਿਲ ਕੇ ਲੋਕਤੰਤਰ ਨੂੰ ਢਾਹ ਲਗਾਈ ਹੈ | ਹਰਿਆਣਾ ਸਰਕਾਰ ਨੂੰ 'ਗ਼ੈਰ ਕਾਨੂੰਨੀ' ਦਸਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਹਰਿਆਣਾ 'ਚ ਵੋਟਾਂ ਦੀ ਚੋਰੀ ਕਰ ਕੇ ਉਥੇ ਭਾਜਪਾ ਦੀ ਸਰਕਾਰ ਬਣਾਈ ਗਈ ਹੈ | ਰਾਹੁਲ ਗਾਂਧੀ ਨੇ ਵੋਟਰ ਵੈਰੀਫ਼ਿਕੇਸ਼ਨ 'ਤੇ ਕਾਂਗਰਸ ਦੇ ਮੁੱਖ ਦਫ਼ਤਰ 'ਚ ਕੀਤੀ ਤਕਰੀਬਨ ਸਵਾ ਘੰਟੇ ਦੀ ਪ੍ਰੈੱਸ ਕਾਨਫ਼ਰੰਸ 'ਚ ਸਬੂਤ ਵਜੋਂ ਕਈ ਦਸਤਾਵੇਜ਼ ਵੀ ਪੇਸ਼ ਕੀਤੇ | ਜਿਨ੍ਹਾਂ 'ਚ ਡੁਪਲੀਕੇਟ ਵੋਟ, ਘਰ ਦਾ ਗਲਤ ਪਤਾ ਅਤੇ Mass Voting ਨੂੰ ਲੈ ਕੇ ਡੇਟਾ ਸਾਂਝਾ ਕੀਤਾ ਗਿਆ ਸੀ | ਉਨ੍ਹਾਂ ਕਿਹਾ ਕਿ ਹਰਿਆਣਾ 'ਚ ਸਾਢੇ 3 ਲੱਖ ਵੋਟਰਾਂ ਦਾ ਨਾਂਅ ਕੱਟ ਦਿੱਤਾ ਗਿਆ ਹੈ | ਉਨ੍ਹਾਂ ਜ਼ੋਰ ਦਿੰਦਿਆਂ ਕਿਹਾ ਕਿ ਹੁਣ ਇਹੀ ਅਮਲ ਬਿਹਾਰ 'ਚ ਦੁਹਰਾਇਆ ਜਾ ਰਿਹਾ ਹੈ |
ਬ੍ਰਾਜ਼ੀਲ ਦੀ ਮਾਡਲ ਨੇ ਹਰਿਆਣਾ ਚੋਣਾਂ 'ਚ 22 ਵਾਰ ਵੋਟ ਪਾਈ
ਰਾਹੁਲ ਗਾਂਧੀ ਨੇ ਪ੍ਰੈੱਸ ਕਾਨਫ਼ਰੰਸ ਦੀ ਸ਼ੁਰੂਆਤ 'ਚ ਹੀ ਇਕ ਔਰਤ ਦੀ ਤਸਵੀਰ ਵਿਖਾਉਂਦਿਆਂ ਕਿਹਾ ਕਿ ਬ੍ਰਾਜ਼ੀਲ ਦੀ ਇਸ ਮਾਡਲ ਨੇ ਹਰਿਆਣਾ ਚੋਣਾਂ ਦੌਰਾਨ 10 ਬੂਥਾਂ 'ਤੇ 22 ਵਾਰ ਵੋਟ ਪਾਈ | ਉਨ੍ਹਾਂ ਨੇ ਇਸ ਮਾਡਲ ਦਾ ਨਾਂਅ ਨਹੀਂ ਦੱਸਿਆ | ਪਰ ਸੰਬੰਧਿਤ ਤਸਵੀਰ ਫੋਟੋਗ੍ਰਾਫ਼ਰ ਮੈਥੀਯਮ ਫੇਰੇਰੋ ਨੇ ਫ੍ਰੀ ਸਟਾਕ ਈਮੇਜ ਪਲੇਟਫ਼ਾਰਮ ਤੋਂ ਅਪਲੋਡ ਕੀਤੀ ਸੀ | ਉਨ੍ਹਾਂ ਪ੍ਰੈੱਸ ਕਾਨਫ਼ਰੰਸ 'ਚ ਵੀ ਇਕ ਸਕੈਨਰ ਰਾਹੀਂ ਉਹ ਤਸਵੀਰ ਅਪਲੋਡ ਕਰ ਕੇ ਵਿਖਾਈ | ਕਾਂਗਰਸੀ ਨੇਤਾ ਨੇ ਦਾਅਵਾ ਕੀਤਾ ਕਿ ਉਕਤ ਤਸਵੀਰ ਦੇ ਨਾਲ ਵੱਖ-ਵੱਖ ਬੂਥਾਂ ਅਤੇ ਵੱਖ-ਵੱਖ ਨਾਵਾਂ ਨਾਲ 22 ਥਾਵਾਂ 'ਤੇ ਵੋਟਿੰਗ ਕੀਤੀ ਗਈ |
ਐਸ.ਆਈ.ਆਰ. ਲੋਕਤੰਤਰ ਨੂੰ ਤਬਾਹ ਕਰਨ ਦਾ ਹਥਿਆਰ
ਲੋਕਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਵਿਸ਼ੇਸ਼ ਵਿਆਪਕ ਮੁੜ ਨਿਰੀਖਣ (ਐਸ.ਆਈ.ਆਰ.) ਕਵਾਇਦ 'ਤੇ ਵੀ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਐਸ.ਆਈ.ਆਰ. ਲੋਕਤੰਤਰ ਨੂੰ ਤਬਾਹ ਕਰਨ ਦਾ ਆਧੁਨਿਕ ਹਥਿਆਰ ਹੈ | ਜ਼ਿਕਰਯੋਗ ਹੈ ਕਿ 4 ਨਵੰਬਰ ਤੋਂ ਦੇਸ਼ ਦੇ 9 ਰਾਜਾਂ ਅਤੇ 3 ਕੇਂਦਰੀ ਪ੍ਰਬੰਧਤ ਪ੍ਰਦੇਸ਼ਾਂ 'ਚ ਐਸ.ਆਈ.ਆਰ. ਦਾ ਅਮਲ ਸ਼ੁਰੂ ਹੋਇਆ ਜਿਨ੍ਹਾਂ 'ਚੋਂ ਕੇਰਲ, ਪੱਛਮੀ ਬੰਗਾਲ ਜਿਹੇ ਰਾਜਾਂ 'ਚ ਅਗਲੇ ਸਾਲ ਵਿਧਾਨਸਭਾ ਚੋਣਾਂ ਹੋਣੀਆਂ ਹਨ |
ਪਹਿਲਾਂ ਕਿਉਂ ਨਹੀਂ ਉਠਾਏ ਇਤਰਾਜ਼-ਚੋਣ ਕਮਿਸ਼ਨ
ਚੋਣ ਕਮਿਸ਼ਨ ਨੇ ਰਾਹੁਲ ਗਾਂਧੀ ਵਲੋਂ ਲਾਏ ਦੋਸ਼ਾਂ ਦੇ ਜਵਾਬ 'ਚ ਕਿਹਾ ਕਿ ਜੇਕਰ ਇਤਰਾਜ਼ ਸਨ ਤਾਂ ਕਾਂਗਰਸ ਦੇ ਪੋਿਲੰਗ ਏਜੰਟ ਵੋਟਰ ਬੂਥਾਂ 'ਚ ਕੀ ਕਰ ਰਹੇ ਹਨ? ਉਨ੍ਹਾਂ ਨੇ ਪਹਿਲਾਂ ਇਹ ਇਤਰਾਜ਼ ਕਿਉਂ ਨਹੀਂ ਉਠਾਏ | ਹਲਕਿਆਂ ਮੁਤਾਬਿਕ ਚੋਣ ਕਮਿਸ਼ਨ ਵਲੋਂ ਦਿੱਤੇ ਜਵਾਬ 'ਚ ਇਹ ਵੀ ਕਿਹਾ ਗਿਆ ਕਿ ਇਕ ਤੋਂ ਵੱਧ ਨਾਂਵਾਂ ਤੋਂ ਬਚਣ ਲਈ ਸੋਧ ਦੌਰਾਨ ਕਾਂਗਰਸ ਨੇ ਕੋਈ ਅਪੀਲ ਕਿਉਂ ਨਹੀਂ ਦਾਇਰ ਕੀਤੀ |
ਭਾਜਪਾ ਨੇ ਰਾਹੁਲ ਗਾਂਧੀ ਦੇ ਦੋਸ਼ਾਂ ਨੂੰ ਕੀਤਾ ਖ਼ਾਰਜ
ਭਾਜਪਾ ਨੇ ਰਾਹੁਲ ਗਾਂਧੀ ਵਲੋਂ ਲਾਏ ਦੋਸ਼ਾਂ ਨੂੰ ਸਿਰੇ ਤੋਂ ਖਾਰਿਜ ਕਰਦਿਆਂ ਕਿਹਾ ਕਿ ਉਹ ਅਸਲ ਮੁੱਦਿਆਂ ਤੋਂ ਧਿਆਨ ਭਟਕਾਉਣ ਲਈ ਅਜਿਹਾ ਕਰ ਰਹੇ ਹਨ | ਰਾਹੁਲ ਗਾਂਧੀ ਦੀ ਪ੍ਰੈੱਸ ਕਾਨਫ਼ਰੰਸ ਤੋਂ ਫੌਰਨ ਬਾਅਦ ਕੇਂਦਰੀ ਮੰਤਰੀ ਕਿਰਨ ਰਿਜਿਜੂ ਨੇ ਭਾਜਪਾ ਦੇ ਮੁੱਖ ਦਫ਼ਤਰ, ਜੋ ਕਿ ਕਾਂਗਰਸ ਦੇ ਮੁੱਖ ਦਫ਼ਤਰ ਦੇ ਬਿਲਕੁਲ ਪਿੱਛੇ ਹੈ, 'ਚ ਪ੍ਰੈੱਸ ਕਾਨਫ਼ਰੰਸ ਕਰਦਿਆਂ ਕਿਹਾ ਕਿ ਅਸੀਂ ਕਈ ਦਹਾਕੇ ਵਿਰੋਧੀ ਧਿਰ ਰਹੇ ਹਾਂ, ਅਸੀਂ ਵੀ ਚੋਣ ਕਮਿਸ਼ਨ ਨੂੰ ਸਰਕਾਰ ਦੀ ਸ਼ਿਕਾਇਤ ਕੀਤੀ ਹੈ ਪਰ ਇਸ ਤਰ੍ਹਾਂ ਕਦੇ ਵੀ ਸੰਵਿਧਾਨਕ ਸੰਸਥਾਵਾਂ 'ਤੇ ਸਵਾਲ ਨਹੀਂ ਉਠਾਏ |

ਪਿਛਲੀ ਖ਼ਬਰ ਮੁੱਖ ਮੰਤਰੀ ਵਲੋਂ ਸ਼ਾਹਪੁਰ ਕੰਢੀ ਡੈਮ ਦਾ ਉਦਘਾਟਨ <br/> ਅਗਲੀ ਖ਼ਬਰ ਪ੍ਰਕਾਸ਼ ਪੁਰਬ ਮੌਕੇ ਨਨਕਾਣਾ ਸਾਹਿਬ ਵਿਖੇ ਸਜਾਇਆ ਅਲੌਕਿਕ ਨਗਰ ਕੀਰਤਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।