• ਦੇਰੀ ਨਾਲ ਪੁੱਜੀਆਂ ਅਖ਼ਬਾਰਾਂ-ਪਾਠਕਾਂ 'ਚ ਰੋਸ • ਸਿਆਸੀ ਵਿਰੋਧੀਆਂ ਵਲੋਂ ਸਖ਼ਤ ਆਲੋਚਨਾ
ਚੰਡੀਗੜ੍ਹ, 2 ਨਵੰਬਰ (ਯੂ. ਐਨ. ਆਈ.)-ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਦੇ ਸ਼ੱਕ ਦਾ ਹਵਾਲਾ ਦਿੰਦੇ ਹੋਏ ਪੰਜਾਬ ਪੁਲਿਸ ਵਲੋਂ ਅਖ਼ਬਾਰਾਂ ਲਿਜਾਣ ਵਾਲੀਆਂ ਗੱਡੀਆਂ ਦੀ ਰਾਤ ਭਰ ਚੈਕਿੰਗ ਕੀਤੇ ਜਾਣ ਕਾਰਨ ਅੱਜ ਸਵੇਰੇ ਪੰਜਾਬ ਭਰ 'ਚ ਅਖ਼ਬਾਰਾਂ ਦੀ ਵੰਡ 'ਚ ਵਿਘਨ ਪਿਆ | ਰਾਤ 10 ਵਜੇ ਦੇ ਕਰੀਬ ਸ਼ੁਰੂ ਹੋਈ ਤੇ ਸਵੇਰ ਤੱਕ ਜਾਰੀ ਰਹੀ ਇਹ ਕਾਰਵਾਈ ਸੂਬਾ ਭਰ ਦੇ ਕਈ ਜ਼ਿਲਿ੍ਹਆਂ 'ਚ ਅਖ਼ਬਾਰਾਂ ਦੀ ਵੰਡ 'ਚ ਦੇਰੀ ਦਾ ਕਾਰਨ ਬਣੀ | ਪੰਜਾਬ ਪੁਲਿਸ ਦੀ ਇਸ ਕਾਰਵਾਈ ਤੋਂ ਬਾਅਦ ਵਿਰੋਧੀ ਪਾਰਟੀਆਂ ਵਲੋਂ ਸਰਕਾਰ ਦੀ ਆਲੋਚਨਾ ਕੀਤੀ ਜਾ ਰਹੀ ਹੈ | ਰਿਪੋਰਟਾਂ ਅਨੁਸਾਰ ਅਖ਼ਬਾਰਾਂ ਲੈ ਜਾਣ ਵਾਲੇ ਵਾਹਨਾਂ ਨੂੰ ਜਾਂਚ ਲਈ ਕਈ ਚੌਕੀਆਂ 'ਤੇ ਰੋਕਿਆ ਗਿਆ ਤੇ ਕੁਝ ਮਾਮਲਿਆਂ 'ਚ ਤਲਾਸ਼ੀ 'ਚ ਸਹਾਇਤਾ ਲਈ ਸੂਹੀਆ ਕੁੱਤੇ (ਡਾਗ ਸਕੁਐਡ) ਲਿਆਂਦੇ ਗਏ ਸਨ | ਕੁਝ ਵਾਹਨਾਂ ਨੂੰ ਵਿਸਥਾਰਤ ਜਾਂਚ ਲਈ ਪੁਲਿਸ ਥਾਣਿਆਂ 'ਚ ਲਿਜਾਇਆ ਗਿਆ | ਹਾਲਾਂਕਿ ਪੰਜਾਬ ਪੁਲਿਸ ਦੇ ਕਿਸੇ ਵੀ ਸੀਨੀਅਰ ਅਧਿਕਾਰੀ ਨੇ ਇਸ ਮਾਮਲੇ 'ਤੇ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਹੈ | ਜਾਂਚ ਮੁਹਿੰਮ ਨੇ ਜ਼ਿਆਦਾਤਰ ਅਖ਼ਬਾਰ ਵੰਡ ਕੇਂਦਰਾਂ ਨੂੰ ਪ੍ਰਭਾਵਿਤ ਕੀਤਾ, ਜਿਸ ਕਾਰਨ ਲੁਧਿਆਣਾ, ਅੰਮਿ੍ਤਸਰ, ਮੋਗਾ, ਫਿਰੋਜ਼ਪੁਰ, ਕੋਟਕਪੂਰਾ, ਪਠਾਨਕੋਟ, ਫਾਜ਼ਿਲਕਾ, ਅਬੋਹਰ ਤੇ ਬਰਨਾਲਾ 'ਚ ਅਖਬਾਰ ਪਹੰੁਚਣ 'ਚ ਦੇਰੀ ਹੋਈ | ਵਿਤਰਕਾਂ ਤੇ ਫੇਰੀਆਂ ਵਾਲਿਆਂ ਨੇ ਇਸ ਵਿਘਨ 'ਤੇ ਗੁੱਸਾ ਪ੍ਰਗਟ ਕਰਦਿਆਂ ਦਾਅਵਾ ਕੀਤਾ ਕਿ ਪੁਲਿਸ ਵਲੋਂ ਕੁਝ ਖਾਸ ਪ੍ਰਕਾਸ਼ਕਾਂ ਨਾਲ ਸਬੰਧਿਤ ਵਾਹਨਾਂ 'ਤੇ ਧਿਆਨ ਕੇਂਦਿ੍ਤ ਕੀਤਾ ਗਿਆ | ਲੁਧਿਆਣਾ 'ਚ, ਜਿੱਥੇ ਸਭ ਤੋਂ ਵੱਧ ਅਸਰ ਵਿਖਾਈ ਦਿੱਤਾ, ਅਖ਼ਬਾਰਾਂ ਨਾਲ ਭਰੇ ਵਾਹਨਾਂ ਨੂੰ ਰੋਕਿਆ ਗਿਆ ਤੇ ਸ਼ਹਿਰ ਦੇ ਕਈ ਹਿੱਸਿਆਂ 'ਚ ਤਲਾਸ਼ੀ ਲਈ ਗਈ | ਬਹੁਤ ਸਾਰੇ ਵਸਨੀਕਾਂ ਨੂੰ ਸਵੇਰੇ 8 ਵਜੇ ਤੋਂ ਬਾਅਦ ਹੀ ਅਖਬਾਰ ਮਿਲੇ | ਵਿਤਰਕਾਂ ਨੇ ਕਿਹਾ ਕਿ ਅੱਜ (ਐਤਵਾਰ) ਵਿਘਨ ਖਾਸ ਤੌਰ 'ਤੇ ਮੁਸ਼ਕਿਲ ਭਰਿਆ ਸੀ ਕਿਉਂਕਿ ਇਸ ਦਿਨ ਕੰਮ ਦਾ ਬੋਝ ਪਹਿਲਾਂ ਹੀ ਜ਼ਿਆਦਾ ਹੰੁਦਾ ਹੈ | ਅੰਮਿ੍ਤਸਰ ਦੇ ਇਕ ਵਿਤਰਕ ਜੀਵਨ ਕੁਮਾਰ ਨੇ ਕਿਹਾ ਕਿ ਉਨ੍ਹਾਂ ਦੀ ਗੱਡੀ ਨੂੰ ਢਿਲਵਾਂ ਟੋਲ ਪਲਾਜ਼ਾ 'ਤੇ ਸਵੇਰੇ 4 ਵਜੇ ਦੇ ਕਰੀਬ ਰੋਕਿਆ ਗਿਆ | ਪੁਲਿਸ ਮੁਲਾਜ਼ਮਾਂ ਨੇ ਕਥਿਤ ਤੌਰ 'ਤੇ ਵਾਹਨਾਂ ਨੂੰ ਅੰਮਿ੍ਤਸਰ ਦੇ ਗੋਲਡਨ ਗੇਟ ਤੱਕ ਲਿਜਾਣ ਤੋਂ ਪਹਿਲਾਂ ਡਰਾਈਵਰਾਂ ਦੇ ਮੋਬਾਈਲ ਫੋਨ ਖੋਹ ਲਏ, ਜਿੱਥੇ ਸੂਹੀਆ ਕੁੱਤੇ ਬੁਲਾਏ ਗਏ | ਅਖ਼ਬਾਰਾਂ ਦੇ ਬੰਡਲਾਂ ਨੂੰ ਉਤਾਰਿਆ ਗਿਆ, ਖੋਲਿ੍ਹਆ ਗਿਆ ਤੇ ਚੰਗੀ ਤਰ੍ਹਾਂ ਜਾਂਚ ਕੀਤੀ ਗਈ, ਜਿਸ ਨਾਲ ਦੇਰ ਸਵੇਰ ਤੱਕ ਕਈ ਪੇਂਡੂ ਖੇਤਰਾਂ 'ਚ ਸਪਲਾਈ 'ਚ ਦੇਰੀ ਹੋਈ | ਲੁਧਿਆਣਾ ਕੋਤਵਾਲੀ ਦੇ ਕਾਰਜਕਾਰੀ ਐਸ. ਐਚ. ਓ. ਸੁਲੱਖਣ ਸਿੰਘ ਨੇ ਪੁਸ਼ਟੀ ਕੀਤੀ ਕਿ ਨਿਯਮਤ ਤਸਕਰੀ ਵਿਰੋਧੀ ਮੁਹਿੰਮ ਦੇ ਹਿੱਸੇ ਵਜੋਂ ਰਾਤ 10 ਵਜੇ ਤੋਂ ਸਵੇਰੇ 6 ਵਜੇ ਤੱਕ ਨਾਕਾ ਕਾਰਵਾਈ ਕੀਤੀ ਗਈ | ਹਾਲਾਂਕਿ ਉਨ੍ਹਾਂ ਇਸ ਬਾਰੇ ਟਿੱਪਣੀ ਕਰਨ ਤੋਂ ਗੁਰੇਜ਼ ਕੀਤਾ ਕਿ ਕੀ ਅਖ਼ਬਾਰਾਂ ਦੇ ਵਾਹਕਾਂ ਨੂੰ ਖਾਸ ਤੌਰ 'ਤੇ ਨਿਸ਼ਾਨਾ ਬਣਾਇਆ ਗਿਆ ਸੀ, 'ਤੇ ਉਨ੍ਹਾਂ ਕਿਹਾ ਕਿ ਸਿਰਫ਼ ਸੀਨੀਅਰ ਅਧਿਕਾਰੀ ਹੀ ਇਸ ਬਾਰੇ ਸਪੱਸ਼ਟ ਕਰ ਸਕਦੇ ਹਨ | ਉਧਰ ਇਸ ਕਾਰਵਾਈ ਤੋਂ ਬਾਅਦ ਤਿੱਖੀਆਂ ਸਿਆਸੀ ਪ੍ਰਤੀਕਿਰਿਆਵਾਂ ਆ ਰਹੀਆਂ ਹਨ | ਵਿਰੋਧੀ ਆਗੂਆਂ ਨੇ ਦਾਅਵਾ ਕੀਤਾ ਹੈ ਕਿ ਐਮਰਜੈਂਸੀ ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਪੰਜਾਬ 'ਚ ਮੀਡੀਆ ਦੀ ਆਵਾਜ਼ ਨੂੰ ਦਬਾਉਣ ਲਈ ਅਜਿਹੀ ਕਾਰਵਾਈ ਕੀਤੀ ਗਈ | ਜਲੰਧਰ ਛਾਉਣੀ ਤੋਂ ਕਾਂਗਰਸੀ ਵਿਧਾਇਕ ਪਰਗਟ ਸਿੰਘ ਨੇ ਇਸ ਕਾਰਵਾਈ ਦੀ ਨਿੰਦਾ ਕਰਦਿਆਂ ਇਸ ਨੂੰ 'ਪ੍ਰੈਸ ਦੀ ਆਜ਼ਾਦੀ 'ਤੇ ਸਿੱਧਾ ਹਮਲਾ' ਦੱਸਿਆ ਹੈ | ਇਕ ਸੋਸ਼ਲ ਮੀਡੀਆ ਪੋਸਟ 'ਚ ਉਨ੍ਹਾਂ ਸੂਬਾ ਸਰਕਾਰ 'ਤੇ ਚੰਡੀਗੜ੍ਹ ਸਥਿਤ ਸਰਕਾਰੀ ਰਿਹਾਇਸ਼ 'ਤੇ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਪ੍ਰਵਾਸ ਦੀ ਕਵਰੇਜ ਨੂੰ ਰੋਕਣ ਲਈ ਜਾਣਬੁੱਝ ਕੇ ਅਖ਼ਬਾਰਾਂ ਦੀ ਵੰਡ 'ਚ ਰੁਕਾਵਟ ਪਾਉਣ ਦਾ ਦੋਸ਼ ਲਗਾਇਆ |
ਪੁਲਿਸ ਨੇ ਅਖ਼ਬਾਰਾਂ ਦੀਆਂ ਗੱਡੀਆਂ ਨੂੰ ਰਸਤੇ 'ਚ ਰੋਕਿਆ-ਦੇਰ ਤੱਕ ਲਈ ਤਲਾਸ਼ੀ
ਅਜੀਤ ਡੈਸਕ
03-11-2025