ਫਿਰੋਜ਼ਪੁਰ, 2 ਨਵੰਬਰ (ਰਾਕੇਸ਼ ਚਾਵਲਾ)-ਕੇਂਦਰ ਸਰਕਾਰ ਨੇ ਫਿਰੋਜ਼ਪੁਰ ਨਵੀਂ ਦਿੱਲੀ ਦਰਮਿਆਨ ਵੰਦੇ ਭਾਰਤ ਐਕਸਪ੍ਰੈੱਸ ਗੱਡੀ ਨੂੰ ਮਨਜ਼ੂਰੀ ਦੇ ਦਿੱਤੀ ਹੈ | ਇਸ ਇਤਿਹਾਸਕ ਫ਼ੈਸਲੇ ਨੂੰ ਲੈ ਕੇ ਸਾਬਕਾ ਕੈਬਨਿਟ ਮੰਤਰੀ ਅਤੇ ਭਾਜਪਾ ਦੇ ਰਾਸ਼ਟਰੀ ਕਾਰਜਕਾਰੀ ਮੈਂਬਰ ਰਾਣਾ ਗੁਰਮੀਤ ਸਿੰਘ ਸੋਢੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਕੇਂਦਰੀ ਰੇਲ ਮੰਤਰੀ ਅਸ਼ਵਨੀ ਵੈਸ਼ਨਵ ਦਾ ਧੰਨਵਾਦ ਕੀਤਾ | ਉਨ੍ਹਾਂ ਦੱਸਿਆ ਕਿ 7 ਨਵੰਬਰ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਸ਼ ਭਰ ਦੀਆਂ 4 ਨਵੀਆਂ ਵੰਦੇ ਭਾਰਤ ਗੱਡੀਆਂ ਨੂੰ ਹਰੀ ਝੰਡੀ ਦਿਖਾਉਣਗੇ, ਜਿਨ੍ਹਾਂ 'ਚ ਫਿਰੋਜ਼ਪੁਰ ਤੋਂ ਦਿੱਲੀ ਜਾਣ ਵਾਲੀ ਵੰਦੇ ਭਾਰਤ ਐਕਸਪ੍ਰੈੱਸ ਵੀ ਸ਼ਾਮਿਲ ਹੈ | ਇਹ ਇਤਿਹਾਸਕ ਕਦਮ ਫਿਰੋਜ਼ਪੁਰ ਨੂੰ ਵਿਕਾਸ ਦੀ ਨਵੀਂ ਪਟੜੀ 'ਤੇ ਲੈ ਜਾਵੇਗਾ ਤੇ ਵਪਾਰੀਆਂ ਸਮੇਤ ਪੂਰੇ ਖੇਤਰ ਨੂੰ ਇਸ ਦਾ ਵੱਡਾ ਲਾਭ ਹੋਵੇਗਾ | ਇਹ ਗੱਡੀ ਸਵੇਰੇ 7:55 ਵਜੇ ਫਿਰੋਜ਼ਪੁਰ ਤੋਂ ਰਵਾਨਾ ਹੋ ਕੇ ਫ਼ਰੀਦਕੋਟ, ਬਠਿੰਡਾ, ਧੂਰੀ, ਪਟਿਆਲਾ, ਅੰਬਾਲਾ, ਕੁਰੂਕਸ਼ੇਤਰ ਅਤੇ ਪਾਣੀਪਤ ਰਾਹੀਂ ਦੁਪਹਿਰ 2:35 ਵਜੇ ਪੁਰਾਣੀ ਦਿੱਲੀ ਪਹੁੰਚੇਗੀ | ਵਾਪਸੀ 'ਚ ਸ਼ਾਮ 4:00 ਵਜੇ ਦਿੱਲੀ ਤੋਂ ਚੱਲ ਕੇ ਰਾਤ 10:35 ਵਜੇ ਫਿਰੋਜ਼ਪੁਰ ਪਹੁੰਚੇਗੀ |