ਭਾਰਤ-ਸ੍ਰੀਲੰਕਾ ਸਹਿਯੋਗ ਖੇਤਰ ਲਈ ਬਹੁਤ ਮਹੱਤਵ ਰੱਖਦਾ ਹੈ-ਮੋਦੀ <br/>
ਅਜੀਤ ਡੈਸਕ
18-10-2025
ਨਵੀਂ ਦਿੱਲੀ, 17 ਅਕਤੂਬਰ (ਪੀ. ਟੀ. ਆਈ.)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਸ੍ਰੀਲੰਕਾ ਦੇ ਪ੍ਰਧਾਨ ਮੰਤਰੀ ਹਰਿਨੀ ਅਮਰਸੂਰਿਆ ਦੇ ਨਾਲ ਵਿਕਾਸ ਸਹਿਯੋਗ ਅਤੇ ਭਾਰਤੀ ਮਛੇਰਿਆਂ ਦੀ ਭਲਾਈ ਵਰਗੇ ਮੁੱਦਿਆਂ 'ਤੇ ਗੱਲਬਾਤ ਕੀਤੀ | ਅਮਰਸੂਰਿਆ ਨੇ ਇਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ ਸਰਕਾਰੀ ਰਿਹਾਇਸ਼ 'ਤੇ ਮੁਲਾਕਾਤ ਕੀਤੀ | ਮੋਦੀ ਨੇ ਐਕਸ 'ਤੇ ਇਕ ਪੋਸਟ 'ਚ ਕਿਹਾ ਕਿ ਸ੍ਰੀਲੰਕਾ ਦੀ ਪ੍ਰਧਾਨ ਮੰਤਰੀ ਹਰਿਨੀ ਅਮਰਸੂਰਿਆ ਦਾ ਸਵਾਗਤ ਕਰਦਿਆਂ ਮੈਨੂੰ ਖੁਸ਼ੀ ਹੋ ਰਹੀ ਹੈ | ਸਾਡੀ ਗੱਲਬਾਤ 'ਚ ਸਿੱਖਿਆ, ਔਰਤ ਸਸ਼ਕਤੀਕਰਨ, ਨਵੀਨਤਾ, ਵਿਕਾਸ ਸਹਿਯੋਗ ਅਤੇ ਸਾਡੇ ਮਛੇਰਿਆਂ ਦੀ ਭਲਾਈ ਸਮੇਤ ਕਈ ਖੇਤਰਾਂ 'ਤੇ ਵਿਚਾਰ-ਵਟਾਂਦਰਾ ਹੋਇਆ | ਪ੍ਰਧਾਨ ਮੰਤਰੀ ਨੇ ਕਿਹਾ ਕਿ ਨੇੜਲੇ ਗੁਆਂਢੀ ਹੋਣ ਦੇ ਨਾਤੇ ਸਾਡਾ ਸਹਿਯੋਗ ਸਾਡੇ ਦੋਵਾਂ ਦੇਸ਼ਾਂ ਦੇ ਲੋਕਾਂ ਅਤੇ ਸਾਂਝੇ ਖੇਤਰ ਦੀ ਖੁਸ਼ਹਾਲੀ ਦੇ ਲਈ ਅਤਿ ਮਹੱਤਵਪੂਰਨ ਹੈ | ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸ਼ੁੱਕਰਵਾਰ ਨੂੰ ਆਪਣੀ ਸ੍ਰੀਲੰਕਾ ਦੀ ਹਮਰੁਤਬਾ ਹਰਿਨੀ ਅਮਰਸੂਰੀਆ ਨੂੰ ਦੋਵਾਂ ਦੇਸ਼ਾਂ ਦੀ ਸਾਂਝੀ ਵਿਕਾਸ ਯਾਤਰਾ 'ਚ ਨਾਲ ਮਿਲ ਕੇ ਕੰਮ ਕਰਨ ਦੀ ਭਾਰਤ ਦੀ ਵਚਨਬੱਧਤਾ ਤੋਂ ਜਾਣੂ ਕਰਵਾਇਆ | ਦੋਵਾਂ ਆਗੂਆਂ ਨੇ ਸਮੁੱਚੇ ਦੁਵੱਲੇ ਸੰਬੰਧਾਂ ਵਧਾਉਣ ਬਾਰੇ ਗੱਲਬਾਤ ਕੀਤੀ | ਅਮਰਸੂਰੀਆ ਅਹੁਦਾ ਸੰਭਾਲਣ ਤੋਂ ਬਾਅਦ ਪਹਿਲੀ ਵਾਰ ਵੀਰਵਾਰ ਤੋਂ ਭਾਰਤ ਦੇ ਤਿੰਨ ਦਿਨਾਂ ਦੇ ਦੌਰੇ 'ਤੇ ਹਨ |