ਗੋਪੇਸ਼ਵਰ, 20 ਜੁਲਾਈ (ਪੀ.ਟੀ.ਆਈ.)-ਪੁਲਿਸ ਨੇ ਦੱਸਿਆ ਹੈ ਕਿ ਪੰਜਾਬ ਦੇ ਇਕ 18 ਸਾਲਾ ਸਿੱਖ ਸ਼ਰਧਾਲੂ ਦੀ ਉਤਰਾਖੰਡ ਦੇ ਚਮੋਲੀ ਜ਼ਿਲ੍ਹੇ 'ਚ ਹੇਮਕੁੰਟ ਸਾਹਿਬ ਗੁਰਦੁਆਰੇ ਨੇੜੇ ਇਕ ਫੁੱਟਪਾਥ 'ਤੇ ਡੂੰਘੀ ਖੱਡ 'ਚ ਡਿੱਗਣ ਨਾਲ ਮੌਤ ਹੋ ਗਈ ਹੈ | ਅੰਮਿ੍ਤਸਰ ਜ਼ਿਲ੍ਹੇ ਦੇ ਕਾਲੇ ਪਿੰਡ ਦਾ ਰਹਿਣ ਵਾਲਾ ਗੁਰਪ੍ਰੀਤ ਸਿੰਘ 90 ਮੈਂਬਰੀ ਸਮੂਹ ਨਾਲ ਹੇਮਕੁੰਟ ਸਾਹਿਬ ਦੇ ਦਰਸ਼ਨ ਕਰ ਰਿਹਾ ਸੀ | ਇਸ ਸਬੰਧੀ ਪੁਲਿਸ ਨੇ ਕਿਹਾ ਕਿ ਗੁਰਪ੍ਰੀਤ ਸਿੰਘ ਗੁਰਦੁਆਰੇ ਵੱਲ ਜਾਣ ਵਾਲੇ ਮੁੱਖ ਫੁੱਟਪਾਥ ਨੂੰ ਛੱਡ ਕੇ ਇਕ ਪੁਰਾਣੇ ਖਰਾਬ ਹੋਏ ਰਸਤੇ 'ਤੇ ਚੱਲ ਰਿਹਾ ਸੀ, ਜੋ ਸੁਰੱਖਿਆ ਚਿੰਤਾਵਾਂ ਕਾਰਨ ਬੰਦ ਕਰ ਦਿੱਤਾ ਗਿਆ ਹੈ | ਉਹ ਤਿਲਕ ਗਿਆ ਤੇ 100 ਮੀਟਰ ਡੂੰਘੀ ਖੱਡ 'ਚ ਡਿੱਗ ਗਿਆ | ਸੂਚਨਾ ਮਿਲਣ 'ਤੇ ਪੁਲਿਸ, ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (ਐਸ.ਡੀ.ਆਰ.ਐਫ.) ਦੇ ਕਰਮਚਾਰੀ ਤੇ ਹੋਰ ਏਜੰਸੀਆਂ ਨੇ ਲਾਸ਼ ਨੂੰ ਬਾਹਰ ਕੱਢਿਆ |