ਪਾਰਟੀ ਤੇ ਹਲਕੇ ਦੀ ਚੜ੍ਹਦੀ ਕਲਾ ਲਈ ਕੰਮ ਕਰਦੇ ਰਹਿਣਗੇ ਵਿਧਾਇਕਾ-ਅਮਨ ਅਰੋੜਾ
ਚੰਡੀਗੜ੍ਹ, 20 ਜੁਲਾਈ (ਅਜਾਇਬ ਸਿੰਘ ਔਜਲਾ)-ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਤੇ ਕੈਬਨਿਟ ਮੰਤਰੀ ਅਮਨ ਅਰੋੜਾ ਨੇ ਇਕ ਟਵੀਟ ਰਾਹੀਂ ਅਨਮੋਲ ਗਗਨ ਮਾਨ ਦੇ ਅਸਤੀਫ਼ੇ ਸੰਬੰਧੀ ਕਿਹਾ ਕਿ ਪਾਰਟੀ ਨੇ ਅਨਮੋਲ ਗਗਨ ਮਾਨ ਦੇ ਅਸਤੀਫ਼ੇ ਨੂੰ ਨਾ-ਮਨਜ਼ੂਰ ਕਰ ਦਿੱਤਾ ਹੈ, ਜਿਸ ਨੂੰ ਅਨਮੋਲ ਗਗਨ ਮਾਨ ਵਲੋਂ ਵੀ ਸਵੀਕਾਰ ਕਰ ਲਿਆ ਗਿਆ ਹੈ ਅਤੇ ਉਹ ਹੁਣ ਵਿਧਾਇਕਾ ਬਣੇ ਰਹਿਣਗੇ | ਇਸ ਸੰਬੰਧੀ ਅਮਨ ਅਰੋੜਾ ਅਤੇ ਅਨਮੋਲ ਗਗਨ ਮਾਨ ਵਿਚਕਾਰ ਚੰਡੀਗੜ੍ਹ ਵਿਖੇ ਹੋਈ ਮੀਟਿੰਗ ਸੰਬੰਧੀ ਅਮਨ ਅਰੋੜਾ ਨੇ ਕਿਹਾ ਕਿ ਪਰਿਵਾਰਕ ਮਾਹੌਲ ਵਿਚ ਇਹ ਮੁਲਾਕਾਤ ਹੋਈ | ਗਗਨ ਮਾਨ ਨੂੰ ਹਲਕੇ ਦੀ ਬਿਹਤਰੀ ਲਈ ਵਧੇਰੇ ਸ਼ਿੱਦਤ ਨਾਲ ਵਿਕਾਸ ਕਾਰਜ ਕਰਨ ਨੂੰ ਕਿਹਾ ਗਿਆ ਹੈ ਅਤੇ ਇਸ ਨੂੰ ਉਨ੍ਹਾਂ ਸਵੀਕਾਰ ਕੀਤਾ ਹੈ | ਹਲਕਾ ਵਿਧਾਇਕਾ ਖਰੜ ਅਨਮੋਲ ਗਗਨ ਮਾਨ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ 'ਆਪ' ਪਰਿਵਾਰ ਦਾ ਹਿੱਸਾ ਸੀ ਤੇ ਬਣੇ ਰਹਿਣਗੇ | ਅਨਮੋਲ ਗਗਨ ਮਾਨ ਨੇ ਟਵੀਟ ਰਾਹੀਂ ਕਿਹਾ ਹੈ ਕਿ ਉਨ੍ਹਾਂ ਦੀ ਅੱਜ ਪਾਰਟੀ ਪ੍ਰਧਾਨ ਅਮਨ ਅਰੋੜਾ ਨਾਲ ਗੱਲਬਾਤ ਹੋਈ ਅਤੇ ਪਾਰਟੀ ਕਨਵੀਨਰ ਅਰਵਿੰਦ ਕੇਜਰੀਵਾਲ ਵਲੋਂ ਅਸਤੀਫ਼ੇ ਨੂੰ ਨਾ-ਮਨਜ਼ੂਰ ਕਰਨ ਦੇ ਫੈਸਲੇ ਨੂੰ ਉਨ੍ਹਾਂ ਸਵੀਕਾਰ ਕੀਤਾ ਹੈ | ਜ਼ਿਕਰਯੋਗ ਹੈ ਕਿ ਆਪਣੇ ਸਮੇਂ ਦੀ ਪ੍ਰਸਿੱਧ ਗਾਇਕਾ ਰਹੀ ਅਨਮੋਲ ਗਗਨ ਮਾਨ 'ਆਪ' ਵਿਚ 2020 'ਚ ਸ਼ਾਮਿਲ ਹੁੰਦਿਆਂ ਪਾਰਟੀ ਲਈ ਵੱਡੇ ਪੱਧਰ 'ਤੇ ਪ੍ਰਚਾਰ ਮੁਹਿੰਮ ਵਿਚ ਵਿਚਰਦੀ ਰਹੀ ਤੇ ਖਰੜ ਹਲਕੇ ਤੋਂ ਟਿਕਟ ਮਿਲਣ ਉਪਰੰਤ ਇਥੋਂ ਜਿੱਤ ਪ੍ਰਾਪਤ ਕੀਤੀ ਅਤੇ ਕੁਝ ਚਿਰ ਉਨ੍ਹਾਂ ਪੰਜਾਬ ਮੰਤਰੀ ਮੰਡਲ ਵਿਚ ਬਤੌਰ ਮੰਤਰੀ ਵੀ ਸੇਵਾਵਾਂ ਨਿਭਾਈਆਂ, ਪਰ 2024 ਵਿਚ ਮੰਤਰੀ ਮੰਡਲ ਤੋਂ ਬਾਹਰ ਹੋ ਜਾਣ ਅਤੇ ਹਲਕੇ ਦੇ ਅਧਿਕਾਰੀਆਂ ਤੋਂ ਵਿਕਾਸ ਦੇ ਕੰਮਾਂ ਲਈ ਦੇਰੀ ਕੀਤੇ ਜਾਣ 'ਤੇ ਉਹ ਥੋੜ੍ਹਾ-ਬਹੁਤ ਖ਼ਫ਼ਾ ਵੀ ਚੱਲ ਰਹੇ ਸਨ | ਇਸੇ ਦੌਰਾਨ ਵੱਖ-ਵੱਖ ਸਥਾਨਕ ਆਗੂਆਂ ਵਲੋਂ ਜੋ ਖਰੜ ਸੀਟ ਨੂੰ ਲੈ ਕੇ ਤਰ੍ਹਾਂ-ਤਰ੍ਹਾਂ ਦੀਆਂ ਕਿਆਸ-ਅਰਾਈਆਂ ਚੱਲ ਰਹੀਆਂ ਸਨ, ਅਨਮੋਲ ਗਗਨ ਮਾਨ ਵਲੋਂ ਅਸਤੀਫ਼ਾ ਵਾਪਸ ਲੈਣ 'ਤੇ ਸਿਆਸੀ ਹਲਕਿਆਂ ਵਿਚ ਫ਼ਿਲਹਾਲ ਚਰਚਾ ਰੁਕਣੀ ਸੁਭਾਵਿਕ ਹੋ ਗਈ ਹੈ |
'ਆਪ' ਵਲੋਂ ਅਨਮੋਲ ਗਗਨ ਮਾਨ ਦਾ ਅਸਤੀਫ਼ਾ ਨਾਮਨਜ਼ੂਰ
ਅਜੀਤ ਡੈਸਕ
21-07-2025