ਨਾਭਾ, 19 ਜੁਲਾਈ (ਜਗਨਾਰ ਸਿੰਘ ਦੁਲੱਦੀ)-ਨਾਭਾ ਜੇਲ੍ਹ 'ਚ ਬੰਦ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਨੂੰ 14 ਦਿਨਾਂ ਨਿਆਂਇਕ ਹਿਰਾਸਤ ਖ਼ਤਮ ਹੋਣ ਉਪਰੰਤ ਅੱਜ ਸਵੇਰੇ ਕਰੀਬ 10.06 ਵਜੇ ਮੁਹਾਲੀ ਅਦਾਲਤ ਲਈ ਭਾਰੀ ਪੁਲਿਸ ਬਲ ਦੀ ਨਿਗਰਾਨੀ 'ਚ ਲਿਜਾਇਆ ਗਿਆ | ਬਿਕਰਮ ਸਿੰਘ ਮਜੀਠੀਆ ਦੀ ਪੇਸ਼ੀ ਨੂੰ ਲੈ ਕੇ ਨਾਭਾ ਜੇਲ੍ਹ ਦੇ ਬਾਹਰ ਜ਼ਿਲ੍ਹਾ ਪੁਲਿਸ ਮੁਖੀ ਵਰੁਣ ਸ਼ਰਮਾ ਦੀ ਅਗਵਾਈ ਹੇਠ ਸਵੇਰ ਤੋਂ ਹੀ ਪੁਲਿਸ ਵਲੋਂ ਸਖ਼ਤ ਪ੍ਰਬੰਧ ਕੀਤੇ ਗਏ ਸਨ ਅਤੇ ਟਿੱਪਰਾਂ ਦੀ ਮਦਦ ਨਾਲ ਨਾਭਾ ਭਵਾਨੀਗੜ੍ਹ ਸੜਕ 'ਤੇ ਚੱਲਣ ਵਾਲੀ ਆਵਾਜਾਈ ਵੀ ਠੱਪ ਕਰ ਦਿੱਤੀ ਗਈ | ਮਜੀਠੀਆ ਨੂੰ ਮੁਹਾਲੀ ਅਦਾਲਤ ਵਲੋਂ ਫਿਰ ਨਿਆਂਇਕ ਹਿਰਾਸਤ ਵਿਚ ਭੇਜਣ ਦਾ ਹੁਕਮ ਦਿੱਤਾ ਗਿਆ, ਜਿਸ ਉਪਰੰਤ ਪੁਲਿਸ ਦੀਆਂ ਗੱਡੀਆਂ ਦਾ ਕਾਫ਼ਲਾ ਉਨ੍ਹਾਂ ਨੂੰ ਦੁਪਹਿਰ ਕਰੀਬ 1:55 ਮਿੰਟ 'ਤੇ ਨਾਭਾ ਦੀ ਜੇਲ੍ਹ ਵਿਚ ਲੈ ਕੇ ਪਹੁੰਚਿਆ | ਮਜੀਠੀਆ ਦੀ ਜੇਲ੍ਹ ਵਾਪਸੀ ਸਮੇਂ ਵੀ ਪੁਲਿਸ ਵਲੋਂ ਜੇਲ੍ਹ ਦੇ ਬਾਹਰ ਵੱਡੇ ਗਿਣਤੀ 'ਚ ਪੁਲਿਸ ਮੁਲਾਜ਼ਮ ਤਾਇਨਾਤ ਕੀਤੇ ਗਏ ਸਨ |