ਨਵੀਂ ਦਿੱਲੀ, 19 ਜੁਲਾਈ (ਪੀ. ਟੀ. ਆਈ.)-ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਸਰਕਾਰ ਦੀ 'ਮੇਕ ਇਨ ਇੰਡੀਆ' ਪਹਿਲਕਦਮੀ 'ਤੇ ਹਮਲਾ ਕਰਦਿਆਂ ਕਿਹਾ ਕਿ ਇਹ ਸਿਰਫ਼ 'ਅਸੈਂਬਲਿੰਗ' ਹੈ, ਨਿਰਮਾਣ ਨਹੀਂ | ਉਨ੍ਹਾਂ 'ਅਸੈਂਬਲੀ ਲਾਈਨ' ਤੋਂ ਅੱਗੇ ਵਧਣ 'ਚ ਮਦਦ ਲਈ ਜ਼ਮੀਨੀ ਪੱਧਰ 'ਤੇ ਬਦਲਾਅ ਦੀ ਮੰਗ ਕਰਦਿਆਂ ਕਿਹਾ ਕਿ ਜਦੋਂ ਤੱਕ ਭਾਰਤ ਉਤਪਾਦਨ 'ਚ ਸਵੈ-ਨਿਰਭਰ ਨਹੀਂ ਹੋ ਜਾਂਦਾ, ਤਦ ਤੱਕ ਨੌਕਰੀਆਂ, ਵਿਕਾਸ ਅਤੇ 'ਮੇਕ ਇਨ ਇੰਡੀਆ' ਦੀਆਂ ਗੱਲਾਂ ਸਿਰਫ਼ ਭਾਸ਼ਣਾਂ 'ਚ ਹੀ ਰਹਿਣਗੀਆਂ | ਉਨ੍ਹਾਂ 'ਐਕਸ' ਉਤੇ ਇਕ ਪੋਸਟ 'ਚ ਲਿਖਿਆ ਕਿ ਜ਼ਮੀਨੀ ਪੱਧਰ 'ਤੇ ਬਦਲਾਅ ਦੀ ਲੋੜ ਹੈ ਤਾਂ ਜੋ ਭਾਰਤ 'ਅਸੈਂਬਲੀ ਲਾਈਨ' ਤੋਂ ਅੱਗੇ ਵਧ ਕੇ ਇਕ ਸੱਚੀ ਨਿਰਮਾਣ ਸ਼ਕਤੀ ਬਣ ਸਕੇ ਅਤੇ ਚੀਨ ਨਾਲ ਬਰਾਬਰੀ ਦਾ ਮੁਕਾਬਲਾ ਕਰ ਸਕੇ | ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਨੇ ਗ੍ਰੇਟਰ ਨੋਇਡਾ 'ਚ ਟੀ.ਵੀ. 'ਅਸੈਂਬਲ' ਕਰਨ ਵਾਲੀ ਇਕ ਸਥਾਨਕ ਇਕਾਈ ਦੇ ਆਪਣੇ ਦੌਰੇ ਦਾ 7 ਮਿੰਟ ਦਾ ਵੀਡੀਓ ਟੈਗ ਕਰਦਿਆਂ ਕਿਹਾ ਕਿ ਕੀ ਤੁਸੀਂ ਜਾਣਦੇ ਹੋ ਕਿ ਭਾਰਤ 'ਚ ਬਣੇ ਟੀ.ਵੀ. ਦੇ 80 ਫ਼ੀਸਦੀ ਹਿੱਸੇ ਚੀਨ ਤੋਂ ਆਉਂਦੇ ਹਨ? 'ਮੇਕ ਇਨ ਇੰਡੀਆ' ਦੇ ਨਾਂਅ 'ਤੇ ਅਸੀਂ ਸਿਰਫ਼ 'ਅਸੈਂਬਲਿੰਗ' ਕਰ ਰਹੇ ਹਾਂ, ਨਿਰਮਾਣ ਨਹੀਂ | ਆਈਫੋਨ ਤੋਂ ਲੈ ਕੇ ਟੀ.ਵੀ. ਤੱਕ ਦੇ ਪੁਰਜ਼ੇ ਵਿਦੇਸ਼ਾਂ ਤੋਂ ਆਉਂਦੇ ਹਨ, ਅਸੀਂ ਬਸ ਉਨ੍ਹਾਂ ਨੂੰ ਇਕੱਠੇ (ਅਸੈਂਬਲ) ਕਰਦੇ ਹਾਂ | ਉਨ੍ਹਾਂ ਕਿਹਾ ਕਿ ਛੋਟੇ ਉੱਦਮੀ ਨਿਰਮਾਣ ਕਰਨਾ ਚਾਹੁੰਦੇ ਹਨ ਪਰ ਨਾ ਤਾਂ ਨੀਤੀ ਹੈ ਅਤੇ ਨਾ ਹੀ ਸਮਰਥਨ | ਇਸ ਦੇ ਉਲਟ ਭਾਰੀ ਟੈਕਸ ਅਤੇ ਚੋਣਵੇਂ ਕਾਰਪੋਰੇਟਾਂ ਦਾ ਏਕਾਧਿਕਾਰ ਹੈ, ਜਿਸ ਨੇ ਦੇਸ਼ ਦੇ ਉਦਯੋਗ ਨੂੰ ਆਪਣੀ ਜਕੜ 'ਚ ਲਿਆ ਹੋਇਆ ਹੈ |