ਕੋਲਕਾਤਾ/ਪਟਨਾ, 19 ਜੁਲਾਈ (ਏਜੰਸੀ)- ਪਟਨਾ ਦੇ ਹਸਪਤਾਲ 'ਚ ਗੈਂਗਸਟਰ ਚੰਦਨ ਮਿਸ਼ਰਾ ਦੀ ਹੱਤਿਆ ਦੇ ਮਾਮਲੇ 'ਚ ਕੋਲਕਾਤਾ ਨੇੜੇ ਨਿਊਟਾਊਨ ਤੋਂ 5 ਵਿਅਕਤੀਆਂ ਨੂੰ ਗਿ੍ਫ਼ਤਾਰ ਕੀਤਾ ਗਿਆ ਹੈ | ਇਸ ਦੇ ਨਾਲ ਹੀ ਡਿਊਟੀ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ 5 ਪੁਲਿਸ ਕਰਮੀਆਂ ਨੂੰ ਮੁਅੱਤਲ ਕਰ ਦਿੱਤਾ ਗਿਆ | ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਸਨਿਚਰਵਾਰ ਤੜਕੇ ਬਿਹਾਰ ਪੁਲਿਸ ਅਤੇ ਪੱਛਮੀ ਬੰਗਾਲ ਐੱਸ.ਟੀ.ਐੱਫ. ਵਲੋਂ ਕੀਤੀ ਗਈ ਛਾਪੇਮਾਰੀ ਤੋਂ ਬਾਅਦ ਦੋਸ਼ੀਆਂ ਨੂੰ ਮਹਾਨਗਰ ਦੀ ਸੈਟੇਲਾਈਟ ਟਾਊਨਸ਼ਿਪ ਵਿਚ ਇਕ ਹਾਊਸਿੰਗ ਕੰਪਲੈਕਸ ਤੋਂ ਕਾਬੂ ਕੀਤਾ ਗਿਆ | ਬਿਹਾਰ ਦੇ ਬਕਸਰ ਜ਼ਿਲ੍ਹੇ ਦਾ ਰਹਿਣ ਵਾਲਾ ਮਿਸ਼ਰਾ ਜੋ ਇਕ ਹੱਤਿਆ ਮਾਮਲੇ 'ਚ ਦੋਸ਼ੀ ਸੀ ਤੇ ਪੈਰੋਲ 'ਤੇ ਬਾਹਰ ਸੀ, ਨੂੰ ਵੀਰਵਾਰ ਸਵੇਰੇ ਪਟਨਾ ਦੇ ਇਕ ਨਿੱਜੀ ਹਸਪਤਾਲ ਅੰਦਰ ਹਮਲਾਵਰਾਂ ਨੇ ਗੋਲੀ ਮਾਰ ਦਿੱਤੀ ਸੀ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਸਾਰੇ ਕਥਿਤ ਦੋਸ਼ੀ ਨਿਊਟਾਊਨ ਖੇਤਰ 'ਚ ਇਕ ਹਾਊਸਿੰਗ ਕੰਪਲੈਕਸ ਦੇ ਇਕ ਫਲੈਟ 'ਚ ਲੁਕੇ ਹੋਏ ਸਨ | ਪਟਨਾ ਦੀ ਐਸ.ਪੀ. ਦੀਕਸ਼ਾ ਨੇ ਦੱਸਿਆ ਕਿ ਡਿਊਟੀ 'ਚ ਲਾਪਰਵਾਹੀ ਵਰਤਣ ਦੇ ਦੋਸ਼ 'ਚ ਕਿ ਇਕ ਐਸ.ਆਈ. ਅਤੇ ਦੋ ਏ.ਐਸ.ਆਈਜ਼ ਸਮੇਤ 5 ਪੁਲਿਸ ਕਰਮੀਆਂ ਨੂੰ ਤੁਰੰਤ ਪ੍ਰਭਾਵ ਨਾਲ ਮੁਅੱਤਲ ਕਰ ਦਿੱਤਾ ਗਿਆ ਹੈ | ਇਹ ਪੁਲਿਸ ਕਰਮੀ ਸ਼ਾਸਤਰੀ ਨਗਰ ਥਾਣੇ 'ਚ ਤਾਇਨਾਤ ਸਨ |