ਮੁੜ ਦੋਵਾਂ ਦੇਸ਼ਾਂ ਦਰਮਿਆਨ ਜੰਗਬੰਦੀ ਕਰਵਾਉਣ ਦਾ ਕੀਤਾ ਦਾਅਵਾ
ਵਾਸ਼ਿੰਗਟਨ, 19 ਜੁਲਾਈ (ਪੀ. ਟੀ. ਆਈ.)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਕ ਵਾਰ ਮੁੜ ਭਾਰਤ-ਪਾਕਿਸਤਾਨ ਦਰਮਿਆਨ ਜੰਗਬੰਦੀ ਕਰਵਾਉਣ ਦਾ ਦਾਅਵਾ ਕੀਤਾ | ਨਾਲ ਹੀ ਉਨ੍ਹਾਂ ਇਸ ਜੰਗ ਦੌਰਾਨ ਪੰਜ ਲੜਾਕੂ ਜਹਾਜ਼ ਡੇਗੇ ਜਾਣ ਬਾਰੇ ਇੱਕ ਨਵਾਂ ਖ਼ੁਲਾਸਾ ਕੀਤਾ ਹੈ | ਟਰੰਪ ਨੇ ਹਾਲਾਂਕਿ ਸਪਸ਼ਟ ਨਹੀਂ ਕੀਤਾ ਕਿ ਇਹ ਜਹਾਜ਼ ਦੋਹਾਂ ਦੇਸ਼ਾਂ 'ਚੋਂ ਕਿਹੜੇ ਮੁਲਕ ਦੇ ਸਨ | ਟਰੰਪ ਨੇ ਕਿਹਾ ਕਿ ਅਸੀਂ ਬਹੁਤ ਸਾਰੀਆਂ ਜੰਗਾਂ ਰੋਕੀਆਂ ਹਨ | ਭਾਰਤ ਤੇ ਪਾਕਿਸਤਾਨ ਦਰਮਿਆਨ ਜੋ ਹੋ ਰਿਹਾ ਸੀ ਉਹ ਗੰਭੀਰ ਸੀ | ਲੜਾਕੂ ਜਹਾਜ਼ ਹਵਾ ਵਿਚ ਤਬਾਹ ਕੀਤੇ ਜਾ ਰਹੇ ਸੀ | ਮੇਰਾ ਮੰਨਣਾ ਹੈ ਕਿ ਪੰਜ ਲੜਾਕੂ ਜਹਾਜ਼ਾਂ ਨੂੰ ਅਸਲ ਵਿਚ ਡੇਗਿਆ ਗਿਆ ਸੀ | ਇਹ ਦੋ ਪ੍ਰਮਾਣੂ ਸ਼ਕਤੀ ਨਾਲ ਸੰਪੰਨ ਦੇਸ਼ ਹਨ ਅਤੇ ਅਸੀਂ ਇਸ ਜੰਗ ਨੂੰ ਵਪਾਰ ਜ਼ਰੀਏ ਰੋਕਿਆ | ਟਰੰਪ ਨੇ ਇਹ ਦਾਅਵਾ ਰਿਪਬਲਿਕਨ ਸੈਨੇਟਰਾਂ ਲਈ ਸ਼ੁੱਕਰਵਾਰ ਨੂੰ ਵ੍ਹਾਈਟ ਹਾਊਸ 'ਚ ਰੱਖੀ ਰਾਤ ਦੇ ਖਾਣੇ ਦੀ ਦਾਅਵਤ ਮੌਕੇ ਸੰਬੋਧਨ ਕਰਨ ਮੌਕੇ ਕੀਤਾ | ਟਰੰਪ ਹੁਣ ਤੱਕ 24 ਵਾਰ ਭਾਰਤ ਅਤੇ ਪਾਕਿਸਤਾਨ ਦਰਮਿਆਨ ਜੰਗਬੰਦੀ ਕਰਵਾਉਣ ਦਾ ਦਾਅਵਾ ਕਰ ਚੁੱਕੇ ਹਨ | ਪਹਿਲੀ ਵਾਰ ਉਨ੍ਹਾਂ ਨੇ ਅਜਿਹਾ ਦਾਅਵਾ 10 ਮਈ ਨੂੰ ਸੋਸ਼ਲ ਮੀਡੀਆ 'ਤੇ ਕੀਤਾ ਸੀ | ਜਦੋਂਕਿ ਭਾਰਤ ਟਰੰਪ ਦੇ ਦਾਅਵਿਆਂ ਨੂੰ ਖ਼ਾਰਜ ਕਰਦੇ ਹੋਏ ਕਹਿੰਦਾ ਰਿਹਾ ਹੈ ਕਿ ਅਮਰੀਕਾ ਦੀ ਵਿਚੋਲਗੀ ਦੇ ਬਿਨ੍ਹਾਂ ਦੋਵੇਂ ਦੇਸ਼ਾਂ ਦੀਆਂ ਸੈਨਾਵਾਂ ਦਰਮਿਆਨ ਹੋਈ ਸਿੱਧੀ ਗੱਲਬਾਤ ਦੇ ਬਾਅਦ ਹੀ ਦੋਵੇਂ ਧਿਰਾਂ ਨੇ ਆਪਣੀ ਸੈਨਿਕ ਕਾਰਵਾਈ ਰੋਕੀ ਸੀ | ਅਮਰੀਕੀ ਰਾਸ਼ਟਰਪਤੀ ਨੇ ਇਹ ਵੀ ਕਿਹਾ ਕਿ ਭਾਰਤ ਤੇ ਪਾਕਿਸਤਾਨ ਆਹਮੋ-ਸਾਹਮਣੇ ਸੀ ਤੇ ਇਹ ਟਕਰਾਅ ਵਧਦਾ ਜਾ ਰਿਹਾ ਸੀ, ਅਸੀਂ ਇਸ ਨੂੰ ਵਪਾਰ ਜ਼ਰੀਏ ਹੱਲ ਕੀਤਾ | ਅਸੀਂ ਕਿਹਾ ਕਿ ਕੀ ਤੁਸੀਂ ਲੋਕ ਵਪਾਰ ਸਮਝੌਤਾ ਕਰਨਾ ਚਾਹੁੰਦੇ ਹੋ? ਜੇਕਰ ਤੁਸੀਂ ਹਥਿਆਰਾਂ ਤੇ ਸ਼ਾਇਦ ਪ੍ਰਮਾਣੂ ਹਥਿਆਰਾਂ ਦਾ ਇਸਤੇਮਾਲ ਕਰ ਰਹੇ ਹੋ ਤਾਂ ਅਸੀਂ ਵਪਾਰ ਸਮਝੌਤਾ ਨਹੀਂ ਕਰਾਂਗੇ | ਟਰੰਪ ਨੇ ਕਿਹਾ ਕਿ ਉਨ੍ਹਾਂ ਦੇ ਪ੍ਰਸ਼ਾਸਨ ਨੇ ਛੇ ਮਹੀਨਿਆਂ 'ਚ ਐਨ੍ਹਾ ਕੁੱਝ ਹਾਸਲ ਕੀਤਾ, ਜਿੰਨ੍ਹਾਂ ਕੋਈ ਵੀ ਹੋਰ ਪ੍ਰਸ਼ਾਸਨ ਅੱਠ ਸਾਲਾਂ 'ਚ ਪ੍ਰਾਪਤ ਨਹੀਂ ਕਰ ਸਕਦਾ | ਉਨ੍ਹਾਂ ਕਿਹਾ ਕਿ ਮੈਨੂੰ ਇਸ ਗੱਲ 'ਤੇ ਬਹੁਤ ਮਾਣ ਹੈ ਕਿ ਅਸੀਂ ਬਹੁਤ ਸਾਰੇ ਯੁੱਧ ਰੋਕ ਦਿੱਤੇ ਅਤੇ ਇਹ ਗੰਭੀਰ ਯੁੱਧ ਸਨ |
'ਬਿ੍ਕਸ' ਡਾਲਰ ਦੀ ਜਗ੍ਹਾ ਹਥਿਆਉਣ ਦੀ ਕੋਸ਼ਿਸ਼ ਕਰ ਰਿਹੈ-ਟਰੰਪ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬਿ੍ਕਸ ਨੂੰ ਇਕ 'ਛੋਟਾ ਸਮੂਹ' ਕਰਾਰ ਦਿੰਦੇ ਹੋਏ ਕਿਹਾ ਕਿ ਇਹ ਡਾਲਰ ਦੇ ਦਬਦਬੇ 'ਤੇ ਕਬਜ਼ਾ ਕਰਨਾ ਚਾਹੁੰਦਾ ਹੈ | ਉਨ੍ਹਾਂ ਧਮਕੀ ਦਿੱਤੀ ਕਿ ਜੇਕਰ ਉਹ ਅਜਿਹਾ ਕਰਦੇ ਹਨ ਤਾਂ ਉਹ ਸਮੂਹ ਦੇ ਮੈਂਬਰ ਦੇਸ਼ਾਂ 'ਤੇ 10 ਫ਼ੀਸਦੀ ਟੈਰਿਫ ਲਗਾਉਣਗੇ | ਦਸ ਦਿਨਾਂ 'ਚ ਇਹ ਦੂਜੀ ਵਾਰ ਹੈ, ਜਦੋਂ ਰਾਸ਼ਟਰਪਤੀ ਟਰੰਪ ਨੇ ਬਿ੍ਕਸ ਦੇ ਮੈਂਬਰ ਦੇਸ਼ਾਂ ਬ੍ਰਾਜ਼ੀਲ, ਰੂਸ, ਭਾਰਤ, ਚੀਨ ਤੇ ਦੱਖਣੀ ਅਫਰੀਕਾ ਨੂੰ 10 ਫ਼ੀਸਦੀ ਟੈਰਿਫ ਲਗਾਉਣ ਦੀ ਧਮਕੀ ਦਿੱਤੀ ਹੈ | ਟਰੰਪ ਵਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ |
ਭਾਰਤ-ਪਾਕਿ ਜੰਗ ਦੌਰਾਨ 5 ਲੜਾਕੂ ਜਹਾਜ਼ ਡੇਗੇ ਗਏ-ਟਰੰਪ
ਅਜੀਤ ਡੈਸਕ
20-07-2025