25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਮੁਹਾਲੀ ਅਦਾਲਤ ਵਲੋਂ ਮਜੀਠੀਆ ਦੀ ਨਿਆਇਕ ਹਿਰਾਸਤ 'ਚ 14 ਦਿਨਾਂ ਦਾ ਵਾਧਾ

ਅਜੀਤ ਡੈਸਕ 20-07-2025

ਮਜੀਠੀਆ ਦੀ ਜਾਨ ਨੂੰ ਖ਼ਤਰਾ, ਜੇਲ੍ਹ 'ਚ ਖ਼ਤਰਨਾਕ ਅਪਰਾਧੀਆਂ ਨਾਲ ਰੱਖਿਆ ਗਿਆ-ਸੋਬਤੀ
ਕਪਿਲ ਵਧਵਾ

ਐੱਸ. ਏ. ਐੱਸ. ਨਗਰ, 19 ਜੁਲਾਈ-ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੂੰ ਨਿਆਂਇਕ ਹਿਰਾਸਤ ਸਮਾਪਤ ਹੋਣ 'ਤੇ ਅੱਜ ਭਾਰੀ ਸੁਰੱਖਿਆ ਹੇਠ ਮੁੜ ਮੁਹਾਲੀ ਅਦਾਲਤ ਵਿਖੇ ਪੇਸ਼ੀ ਲਈ ਲਿਆਂਦਾ ਗਿਆ | ਹਾਲਾਂਕਿ, ਮਜੀਠੀਆ ਨੂੰ ਨਿੱਜੀ ਤੌਰ 'ਤੇ ਅਦਾਲਤ 'ਚ ਲਿਆਉਣ ਬਾਰੇ ਕੋਈ ਸਪੱਸ਼ਟ ਨਿਰਦੇਸ਼ ਪਹਿਲਾਂ ਜਾਰੀ ਨਹੀਂ ਹੋਏ ਸਨ ਪਰ ਜੱਜ ਹਰਦੀਪ ਸਿੰਘ ਦੀ ਅਦਾਲਤ ਦੇ ਧਿਆਨ 'ਚ ਆਇਆ ਕਿ ਸਰਕਾਰੀ ਧਿਰ ਵਲੋਂ ਮਜੀਠੀਆ ਦੀ ਵੀਡੀਓ ਕਾਨਫ਼ਰੰਸਿੰਗ ਰਾਹੀਂ ਪੇਸ਼ੀ ਕਰਵਾਉਣ ਬਾਰੇ ਅਰਜ਼ੀ ਨਹੀਂ ਲਗਾਈ ਗਈ, ਜਿਸ ਦੇ ਚਲਦਿਆਂ ਅਦਾਲਤ ਵਲੋਂ ਨਿਰਦੇਸ਼ ਜਾਰੀ ਹੋਣ 'ਤੇ ਜੇਲ੍ਹ ਪ੍ਰਸ਼ਾਸਨ ਵਲੋਂ ਮਜੀਠੀਆ ਨੂੰ ਨਿੱਜੀ ਤੌਰ 'ਤੇ ਪੇਸ਼ੀ ਲਈ ਮੁਹਾਲੀ ਲਿਆਂਦਾ ਗਿਆ | ਇਸ ਮੌਕੇ ਪੁਲਿਸ ਵਲੋਂ ਪੂਰੇ ਪ੍ਰਬੰਧਕੀ ਅਤੇ ਅਦਾਲਤੀ ਕੰਪਲੈਕਸ ਦੀ ਕਿਲ੍ਹਾਬੰਦੀ ਕੀਤੀ ਗਈ ਸੀ | ਪੇਸ਼ੀ ਮੌਕੇ ਮਜੀਠੀਆ ਨੂੰ ਪੱਤਰਕਾਰਾਂ ਤੋਂ ਦੂਰ ਰੱਖਣ ਲਈ ਵੀ ਪੁਲਿਸ ਵਲੋਂ ਪੁਖਤਾ ਪ੍ਰਬੰਧ ਕੀਤੇ ਗਏ ਸਨ | ਅਦਾਲਤ ਦੇ ਬਾਹਰ ਅਕਾਲੀ ਆਗੂਆਂ ਤੇ ਵਰਕਰਾਂ ਨੂੰ ਇਕੱਠੇ ਹੋਣ ਤੋਂ ਰੋਕਣ ਲਈ ਕੁਝ ਆਗੂਆਂ ਨੂੰ ਪੁਲਿਸ ਨੇ ਘਰਾਂ ਵਿਚ ਵੀ ਨਜ਼ਰਬੰਦ ਕੀਤਾ ਹੋਇਆ ਸੀ, ਜਦਕਿ ਕੁਝ ਨੂੰ ਅਦਾਲਤ ਦੇ ਬਾਹਰ ਇਕੱਠੇ ਹੁੰਦੇ ਸਾਰ ਹੀ ਬੱਸਾਂ ਵਿਚ ਬਿਠਾ ਕੇ ਪਾਸੇ ਲਿਜਾਇਆ ਗਿਆ | ਅਦਾਲਤ 'ਚ ਸੁਣਵਾਈ ਦੌਰਾਨ ਬਿਕਰਮ ਸਿੰਘ ਮਜੀਠੀਆ ਦੀ ਨਿਆਂਇਕ ਹਿਰਾਸਤ 14 ਦਿਨਾਂ ਲਈ ਹੋਰ ਵਧਾ ਦਿੱਤੀ ਗਈ | ਇਸ ਮੌਕੇ ਮਜੀਠੀਆ ਦੇ ਵਕੀਲ ਵਲੋਂ ਅਦਾਲਤ ਨੂੰ ਅਰਜ਼ੀ ਦੇ ਕੇ ਸੂਚਿਤ ਕੀਤਾ ਗਿਆ ਕਿ ਜੇਲ੍ਹ ਵਿਚ ਨਜ਼ਰਬੰਦ ਮਜੀਠੀਆ ਨੂੰ ਕਿਸੇ ਨਾਲ ਵੀ ਮਿਲਣ ਨਹੀਂ ਦਿੱਤਾ ਜਾ ਰਿਹਾ, ਉਪਰੰਤ ਅਦਾਲਤ ਦੇ ਹੁਕਮਾਂ 'ਤੇ ਗਨੀਵ ਕੌਰ ਨੇ ਮਜੀਠੀਆ ਨਾਲ ਕੋਰਟ ਰੂਮ ਵਿਚ 15 ਮਿੰਟਾਂ ਲਈ ਮੁਲਾਕਾਤ ਕੀਤੀ | ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮਜੀਠੀਆ ਦੇ ਵਕੀਲ ਡੀ. ਐੱਸ. ਸੌਬਤੀ ਨੇ ਕਿਹਾ ਅੱਜ ਮਾਮਲੇ ਦੀ ਸੁਣਵਾਈ ਮੌਕੇ ਇਸਤਗਾਸਾ ਧਿਰ ਆਪਣੇ ਪਹਿਲਾਂ ਦਿੱਤੇ 1000 ਏਕੜ ਜ਼ਮੀਨ ਵਾਲੇ ਬਿਆਨ ਤੋਂ ਮੁਕਰ ਗਈ | ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਜੇਲ੍ਹ 'ਚ ਦੋ ਖ਼ਤਰਨਾਕ ਅਪਰਾਧੀਆਂ ਨਾਲ ਰੱਖਿਆ ਗਿਆ ਹੈ, ਜਿਨ੍ਹਾਂ 'ਚੋਂ ਇਕ ਨੂੰ ਮੌਤ ਦੀ ਸਜ਼ਾ ਸੁਣਾਈ ਗਈ ਹੈ | ਉਨ੍ਹਾਂ ਕਿਹਾ ਕਿ ਜੇਲ੍ਹ 'ਚ ਮਜੀਠੀਆ ਨੂੰ ਸਹੂਲਤ ਨਹੀਂ ਚਾਹੀਦੀ, ਸਗੋਂ ਜਾਨੀ ਨੁਕਸਾਨ ਦਾ ਖਦਸ਼ਾ ਹੈ | ਉਨ੍ਹਾਂ ਕਿਹਾ ਕਿ ਜੇਲ੍ਹ ਵਿਚ ਮਜੀਠੀਆ ਨੂੰ ਆਪਣੇ ਪਰਿਵਾਰਕ ਮੈਂਬਰਾਂ ਨਾਲ ਵੀ ਮੁਲਾਕਾਤ ਨਹੀਂ ਕਰਨ ਦਿੱਤੀ ਜਾ ਰਹੀ | ਪੁਲਿਸ ਅਧਿਕਾਰੀਆਂ 'ਤੇ ਨਿਸ਼ਾਨਾ ਸਾਧਦਿਆਂ ਐਡਵੋਕੇਟ ਸੌਬਤੀ ਨੇ ਕਿਹਾ ਕਿ ਚਿੱਟੇ ਕੁੜਤੇ ਪਜ਼ਾਮੇ ਪੁਆ ਕੇ ਮੁਲਾਜ਼ਮਾਂ ਨੂੰ ਅਦਾਲਤ ਵਿਚ ਖੜ੍ਹਾਇਆ ਜਾ ਰਿਹਾ ਹੈ ਤਾਂ ਜੋ ਉਹ ਭਰਮ ਪੈਦਾ ਕਰਨ ਸਕਣ | ਸਰਕਾਰੀ ਵਕੀਲ ਪ੍ਰੀਤਇੰਦਰ ਪਾਲ ਸਿੰਘ ਅਤੇ ਫੈਰੀ ਸੌਫਤ ਨੇ ਅਦਾਲਤ ਦੇ ਬਾਹਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਿਉਂਕਿ ਬਚਾਅ ਧਿਰ ਦੇ ਵਕੀਲਾਂ ਕੋਲ ਹੋਰ ਕੋਈ ਮੈਰਿਟ ਨਹੀਂ ਹੈ, ਇਸ ਕਰਕੇ ਉਹ ਇਸ ਕੇਸ ਦੀ ਕਾਰਵਾਈ ਵਿਚ ਹਰ ਪੜਾਅ 'ਤੇ ਸਵਾਲ ਚੁੱਕ ਰਹੇ ਹਨ ਅਤੇ ਬੇਬੁਨਿਆਦ ਦੋਸ਼ ਲਗਾ ਰਹੇ ਹਨ | ਉਨ੍ਹਾਂ ਕਿਹਾ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ ਅਤੇ ਸਾਰੀਆਂ ਕਾਰਵਾਈਆਂ ਕਾਨੂੰਨ ਅਨੁਸਾਰ ਹੋ ਰਹੀਆਂ ਹਨ | ਜ਼ਿਕਰਯੋਗ ਹੈ ਕਿ ਬਿਕਰਮ ਸਿੰਘ ਮਜੀਠੀਆ ਦੀ ਦਿੱਲੀ ਸਥਿਤ ਸੈਨਿਕ ਫਾਰਮ ਵਿਚਲੀ ਜਾਇਦਾਦ ਵਿਖੇ ਵਿਜੀਲੈਂਸ ਦੇ ਅਧਿਕਾਰੀਆਂ ਵਲੋਂ ਮੁਲਾਂਕਣ ਕਰਨ ਲਈ ਦਬਿਸ਼ ਦਿੱਤੀ ਗਈ ਸੀ, ਜਿਥੇ ਕਿ 3 ਘੰਟੇ ਮੁਲਾਂਕਣ ਦੀ ਕਾਰਵਾਈ ਚੱਲੀ | ਇਸ ਕਾਰਵਾਈ ਸੰਬੰਧੀ ਮੁਹਾਲੀ ਅਦਾਲਤ ਵਲੋਂ 16 ਜੁਲਾਈ ਨੂੰ ਜਾਰੀ ਨਿਰਦੇਸ਼ਾਂ ਅਨੁਸਾਰ ਵਿਜੀਲੈਂਸ ਦੇ ਅਧਿਕਾਰੀਆਂ ਨੂੰ ਮੁਲਾਂਕਣ ਕਰਨ ਲਈ ਪਹਿਲਾਂ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਐਡਵੋਕੇਟ ਅਰਸ਼ਦੀਪ ਸਿੰਘ ਕਲੇਰ ਨੂੰ ਸ਼ੁੱਕਰਵਾਰ ਸ਼ਾਮ ਜਾਣਕਾਰੀ ਦਿੱਤੀ ਗਈ ਸੀ | ਮਜੀਠੀਆ ਦੀ ਅਦਾਲਤ ਵਿਖੇ ਪੇਸ਼ੀ ਤੋਂ ਪਹਿਲਾਂ ਵਿਜੀਲੈਂਸ ਦਾ ਦਿੱਲੀ ਵਿਖੇ ਜਾਣਾ ਸਰਕਾਰ ਦੀ ਇਕ ਮਹਿਜ਼ ਰਣਨੀਤੀ ਸੀ, ਕਿਉਂਕਿ ਪੰਜਾਬ ਸਰਕਾਰ ਬਚਾਅ ਧਿਰ ਨੂੰ ਵੰਡਣਾ ਚਾਹੁੰਦੀ ਸੀ |

ਪਿਛਲੀ ਖ਼ਬਰ ਭਾਰਤ-ਪਾਕਿ ਜੰਗ ਦੌਰਾਨ 5 ਲੜਾਕੂ ਜਹਾਜ਼ ਡੇਗੇ ਗਏ-ਟਰੰਪ ਅਗਲੀ ਖ਼ਬਰ ਇਜਲਾਸ 'ਚ ਟਰੰਪ ਦੇ ਦਾਅਵਿਆਂ 'ਤੇ ਸਪੱਸ਼ਟੀਕਰਨ ਦੇਣ ਪ੍ਰਧਾਨ ਮੰਤਰੀ-ਕਾਂਗਰਸ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।