ਨਵੀਂ ਦਿੱਲੀ, 19 ਜੁਲਾਈ (ਉਪਮਾ ਡਾਗਾ ਪਾਰਥ)-ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਭਾਰਤ-ਪਾਕਿਸਤਾਨ ਦਰਮਿਆਨ ਵਿਚੋਲਗੀ ਦੇ ਦਾਅਵੇ ਨੂੰ ਇਕ ਵਾਰ ਮੁੜ ਦੁਹਰਾਇਆ ਹੈ | ਨਾਲ ਹੀ ਇਹ ਵੀ ਕਿਹਾ ਕਿ ਇਸ ਟਕਰਾਅ 'ਚ ਪੰਜ ਲੜਾਕੂ ਜਹਾਜ਼ ਵੀ ਗਿਰਾਏ ਗਏ ਹਨ | ਟਰੰਪ ਦੇ ਇਨ੍ਹਾਂ ਦਾਅਵਿਆਂ ਤੋਂ ਬਾਅਦ ਕਾਂਗਰਸ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੋਂ ਸੰਸਦ 'ਚ ਸਪੱਸ਼ਟੀਕਰਨ ਦੀ ਮੰਗ ਕੀਤੀ ਹੈ | ਕਾਂਗਰਸ ਨੇ ਕਿਹਾ ਕਿ ਪ੍ਰਧਾਨ ਮੰਤਰੀ ਸੰਸਦ 'ਚ 3 ਸਵਾਲਾਂ ਦੇ ਜਵਾਬ ਦੇਣ ਕਿ ਕੀ ਟਰੰਪ ਨੇ ਅਸਲ 'ਚ ਗੋਲੀਬੰਦੀ ਕਰਵਾਈ, ਉਹ ਇਸ ਦਾ 24 ਵਾਰ ਜ਼ਿਕਰ ਕਰ ਚੁੱਕੇ ਹਨ | ਕੀ ਟਰੰਪ ਨੇ ਵਪਾਰ ਦੀ ਧਮਕੀ ਦੇ ਕੇ ਜੰਗ ਰੁਕਵਾਈ? ਜੰਗ 'ਚ 5 ਲੜਾਕੂ ਜਹਾਜ਼ ਕਿਸਦੇ ਡਿੱਗੇ | ਕਾਂਗਰਸ ਨੇਤਾ ਜੈਰਾਮ ਰਮੇਸ਼ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ ਸੰਸਦ ਦੇ ਮੌਨਸੂਨ ਇਜਲਾਸ ਦੀ ਸ਼ੁਰੂਆਤ ਤੋਂ ਠੀਕ ਦੋ ਦਿਨ ਪਹਿਲਾਂ 'ਟਰੰਪ ਮਿਜ਼ਾਈਲ' 24ਵੀਂ ਵਾਰ ਦਾਗੀ ਗਈ ਅਤੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਉਹੀ ਦੋ ਗੱਲਾਂ ਦੁਹਰਾਈਆਂ ਗਈਆਂ | ਉਨ੍ਹਾਂ ਟਰੰਪ ਦੇ ਬਿਆਨ ਦਾ ਹਵਾਲਾ ਦਿੰਦਿਆਂ ਕਿਹਾ ਕਿ ਅਮਰੀਕਾ ਨੇ ਭਾਰਤ ਅਤੇ ਪਾਕਿਸਤਾਨ, ਦੋ ਪ੍ਰਮਾਣੂ ਵਾਲੇ ਦੇਸ਼ਾਂ ਦਰਮਿਆਨ ਜੰਗ ਰੋਕ ਦਿੱਤੀ, ਜੇਕਰ ਜੰਗ ਜਾਰੀ ਰਹਿੰਦੀ ਤਾਂ ਕੋਈ ਵਪਾਰ ਸਮਝੌਤਾ ਨਾ ਹੁੰਦਾ ਭਾਵ ਭਾਰਤ ਅਤੇ ਪਾਕਿਸਤਾਨ ਨੂੰ ਅਮਰੀਕਾ ਦੇ ਨਾਲ ਵਪਾਰਕ ਸਮਝੌਤੇ ਲਈ ਫੌਰੀ ਗੋਲੀਬੰਦੀ ਨੂੰ ਮੰਨਣਾ ਪਿਆ | ਜੈਰਾਮ ਰਮੇਸ਼ ਨੇ ਕਿਹਾ ਕਿ ਕਾਂਗਰਸ ਅਤੇ ਪੂਰੀ ਵਿਰੋਧੀ ਧਿਰ ਵਿਸ਼ੇਸ਼ ਚਰਚਾ ਦੀ ਮੰਗ ਕਰੇਗੀ ਅਤੇ ਪ੍ਰਧਾਨ ਮੰਤਰੀ ਨੂੰ ਹੀ ਜਵਾਬ ਦੇਣਾ ਚਾਹੀਦਾ ਹੈ |