25-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-07-2025

ਖਰੜ ਤੋਂ 'ਆਪ' ਵਿਧਾਇਕਾ ਅਨਮੋਲ ਗਗਨ ਮਾਨ ਵਲੋਂ ਅਸਤੀਫ਼ਾ

ਅਜੀਤ ਡੈਸਕ 20-07-2025

ਅਸਤੀਫ਼ੇ ਦੇ ਕਾਰਨ ਬਣੇ ਸਿਆਸੀ ਹਲਕਿਆਂ ਲਈ ਬੁਝਾਰਤ
ਹਰਕਵਲਜੀਤ ਸਿੰਘ

ਚੰਡੀਗੜ੍ਹ, 19 ਜੁਲਾਈ-ਪੰਜਾਬ ਦੇ ਸਿਆਸੀ ਹਲਕਿਆਂ ਨੂੰ ਅੱਜ ਉਸ ਵੇਲੇ ਇਕ ਹੋਰ ਝਟਕਾ ਮਿਲਿਆਂ ਜਦੋਂ ਆਮ ਆਦਮੀ ਪਾਰਟੀ ਦੀ ਖਰੜ ਤੋਂ ਵਿਧਾਇਕਾ ਅਨਮੋਲ ਗਗਨ ਮਾਨ ਵਲੋਂ ਅੱਜ ਵਿਧਾਇਕ ਵਜੋਂ ਅਸਤੀਫ਼ਾ ਭੇਜਣ ਅਤੇ ਸਿਆਸਤ ਤੋਂ ਸੰਨਿਆਸ ਲੈਣ ਦਾ ਐਲਾਨ ਕੀਤਾ ਗਿਆ | ਉਨ੍ਹਾਂ ਇਸ ਸੰਬੰਧੀ ਕੁਝ ਨਹੀਂ ਕਿਹਾ ਕਿ ਉਹ ਇਹ ਫ਼ੈਸਲਾ ਕਿਉਂ ਲੈ ਰਹੇ ਹਨ | ਪ੍ਰੰਤੂ ਆਪਣੇ ਟਵੀਟ 'ਚ ਉਨ੍ਹਾਂ ਨੇ ਕਿਹਾ ਕਿ ਉਹ ਅਜਿਹਾ ਭਾਰੀ ਮਨ ਨਾਲ ਕਰ ਰਹੇ ਹਨ ਅਤੇ ਉਹ ਸਪੀਕਰ ਵਿਧਾਨ ਸਭਾ ਨੂੰ ਬੇਨਤੀ ਕਰਨਗੇ ਕਿ ਉਨ੍ਹਾਂ ਦਾ ਅਸਤੀਫ਼ਾ ਪ੍ਰਵਾਨ ਕੀਤਾ ਜਾਵੇ | ਉਨ੍ਹਾਂ ਨੇ ਇਹ ਵੀ ਕਿਹਾ ਕਿ ਮੇਰੀਆਂ ਸ਼ੁੱਭ ਇੱਛਾਵਾਂ ਪਾਰਟੀ ਦੇ ਨਾਲ ਹਨ ਅਤੇ ਮੈਂ ਸਮਝਦੀ ਹਾਂ ਕਿ ਸਰਕਾਰ ਲੋਕਾਂ ਦੀਆਂ ਇੱਛਾਵਾਂ 'ਤੇ ਪੂਰੀ ਉਤਰੇਗੀ | ਲੇਕਿਨ ਮੀਡੀਆ ਕਰਮੀਆਂ ਵਲੋਂ ਸਿਰਤੋੜ ਯਤਨਾਂ ਦੇ ਬਾਵਜੂਦ ਸਰਕਾਰ ਅਤੇ ਵਿਧਾਨ ਸਭਾ ਸਕੱਤਰੇਤ ਵਲੋਂ ਅਸਤੀਫ਼ਾ ਪ੍ਰਾਪਤ ਹੋਣ ਸੰਬੰਧੀ ਪੁਸ਼ਟੀ ਨਹੀਂ ਹੋ ਰਹੀ ਸੀ | ਜਦੋਂਕਿ ਅਨਮੋਲ ਗਗਨ ਮਾਨ ਨੇ ਵੀ ਆਪਣੇ ਟਵੀਟ ਤੋਂ ਬਾਅਦ ਮੀਡੀਆ ਨਾਲ ਦੂਰੀ ਬਣਾਈ ਹੋਈ ਸੀ ਅਤੇ ਆਪਣੇ ਬਿਆਨ 'ਤੇ ਅੱਗੋਂ ਕੋਈ ਟਿੱਪਣੀ ਨਹੀਂ ਕੀਤੀ | ਇਹ ਵੀ ਚਰਚਾ ਹੈ ਕਿ ਅਨਮੋਲ ਨੇ ਆਪਣਾ ਅਸਤੀਫ਼ਾ ਕੁੱਝ ਦਿਨ ਪਹਿਲਾਂ ਹੀ ਦੇ ਦਿੱਤਾ ਸੀ | ਸਿਆਸੀ ਹਲਕਿਆਂ 'ਚ ਚਰਚਾ ਹੈ ਕਿ ਅਨਮੋਲ ਗਗਨ ਮਾਨ ਵਲੋਂ ਕੁਝ ਦਿਨ ਪਹਿਲਾਂ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਬੀਤੇ ਕੱਲ੍ਹ ਚੰਡੀਗੜ੍ਹ ਵਿਖੇ ਮਨੀਸ਼ ਸਿਸੋਦੀਆ ਨਾਲ ਮੁਲਾਕਾਤ ਕੀਤੀ ਗਈ ਸੀ | ਕੁਝ ਹਲਕਿਆਂ ਦਾ ਕਹਿਣਾ ਹੈ ਕਿ ਵਿਧਾਇਕਾ 2024 ਦੌਰਾਨ ਮੰਤਰੀ ਮੰਡਲ 'ਚੋਂ ਬਾਹਰ ਕੀਤੇ ਜਾਣ ਅਤੇ ਉਸ ਤੋਂ ਬਾਅਦ ਸਰਕਾਰੀ ਪੱਧਰ 'ਤੇ ਲੋੜੀਂਦਾ ਸਮਰਥਨ ਨਾ ਮਿਲਣ ਕਾਰਨ ਨਿਰਾਸ਼ ਸੀ, ਜਦੋਂ ਕਿ ਖਰੜ ਹਲਕੇ ਤੋਂ ਅਕਾਲੀ ਦਲ ਉਮੀਦਵਾਰ ਰਣਜੀਤ ਸਿੰਘ ਗਿੱਲ ਜਿਸ ਨੂੰ ਉਨ੍ਹਾਂ ਕੋਈ 38 ਹਜ਼ਾਰ ਵੋਟਾਂ ਦੇ ਫ਼ਰਕ ਨਾਲ ਹਰਾਇਆ ਸੀ ਦੇ 'ਆਪ' 'ਚ ਸ਼ਾਮਿਲ ਹੋਣ ਦੇ ਚਰਚਿਆਂ ਕਾਰਨ ਅਜਿਹਾ ਸਖ਼ਤ ਕਦਮ ਚੁੱਕਿਆ | ਰਣਜੀਤ ਸਿੰਘ ਗਿੱਲ ਵਲੋਂ ਬੀਤੇ ਕੱਲ੍ਹ ਹੀ ਅਕਾਲੀ ਦਲ ਨੂੰ ਛੱਡਣ ਦਾ ਐਲਾਨ ਕੀਤਾ ਗਿਆ ਸੀ ਅਤੇ ਉਨ੍ਹਾਂ ਵਲੋਂ ਅੱਜ ਇਹ ਵੀ ਸੰਕੇਤ ਦਿੱਤਾ ਗਿਆ ਕਿ ਉਹ ਆਪਣੀ ਸਿਆਸਤ ਸੰਬੰਧੀ ਆਉਂਦੇ ਦਿਨਾਂ ਦੌਰਾਨ ਜ਼ਰੂਰ ਕੋਈ ਫ਼ੈਸਲਾ ਲੈ ਸਕਦੇ ਹਨ | ਰਾਜਸੀ ਹਲਕਿਆਂ 'ਚ ਚਰਚਾ ਇਹ ਵੀ ਹੈ ਕਿ ਆਮ ਆਦਮੀ ਪਾਰਟੀ ਜਿਸ ਨੂੰ ਪਹਿਲਾਂ ਹੀ ਤਰਨ ਤਾਰਨ ਹਲਕੇ ਤੋਂ ਜ਼ਿਮਨੀ ਚੋਣ ਦੀਆਂ ਤਿਆਰੀਆਂ ਕਰਨੀਆਂ ਪੈ ਰਹੀਆਂ ਹਨ, ਖਰੜ ਹਲਕੇ ਤੋਂ ਜ਼ਿਮਨੀ ਚੋਣ ਨਾ ਕਰਵਾਉਣ ਲਈ ਪਾਰਟੀ ਅਨਮੋਲ ਗਗਨ ਮਾਨ ਨੂੰ ਮਨਾਉਣ ਦੀ ਕੋਸ਼ਿਸ਼ ਵੀ ਕਰ ਸਕਦੀ ਹੈ | ਲੇਕਿਨ ਸਪੀਕਰ ਲਈ ਇਕ ਵੱਡੀ ਮੁਸ਼ਕਲ ਇਹ ਵੀ ਹੋਵੇਗੀ ਕਿ ਜੇਕਰ ਉਹ ਅਨਮੋਲ ਗਗਨ ਮਾਨ ਦਾ ਅਸਤੀਫ਼ਾ ਪ੍ਰਵਾਨ ਕਰਦੇ ਹਨ ਤਾਂ ਅਕਾਲੀ ਦਲ ਤੋਂ 'ਆਪ' 'ਚ ਸ਼ਾਮਿਲ ਹੋਣ ਵਾਲੇ ਬੰਗਾ ਤੋਂ ਵਿਧਾਇਕ ਡਾ. ਸੁਖਵਿੰਦਰ ਸੁੱਖੀ ਸੰਬੰਧੀ ਵੀ ਉਨ੍ਹਾਂ ਨੂੰ ਫ਼ੈਸਲਾ ਲੈਣਾ ਪਵੇਗਾ ਜਦੋਂ ਕਿ ਡਾ. ਸੁੱਖੀ ਦਾ ਮਾਮਲਾ ਹਾਈਕੋਰਟ ਤੱਕ ਪੁੱਜ ਚੁੱਕਾ ਹੈ | ਲੇਕਿਨ ਅਨਮੋਲ ਗਗਨ ਮਾਨ ਅਤੇ ਦੂਜੇ ਪਾਸੇ ਸਰਕਾਰ ਵੀ ਇਸ ਮਾਮਲੇ 'ਤੇ ਚੁੱਪੀ ਨੇ ਇਸ ਸਾਰੇ ਮਾਮਲੇ ਨੂੰ ਲੋਕਾਂ ਲਈ ਬੁਝਾਰਤ ਜ਼ਰੂਰ ਬਣਾਇਆ ਹੋਇਆ ਹੈ | ਵਰਨਣਯੋਗ ਹੈ ਕਿ ਗਾਇਕਾ ਅਨਮੋਲ ਗਗਨ ਮਾਨ (35) ਨੇ ਜੁਲਾਈ 2020 ਵਿਚ 'ਆਪ' 'ਚ ਸ਼ਾਮਿਲ ਹੋਣ ਦਾ ਐਲਾਨ ਕੀਤਾ ਸੀ ਅਤੇ ਪਾਰਟੀ ਲਈ ਚੋਣ ਪ੍ਰਚਾਰ ਕਰਨ ਤੋਂ ਇਲਾਵਾ ਪਾਰਟੀ ਦੇ ਹੱਕ 'ਚ ਗਾਣੇ ਵੀ ਗਾਏ | ਬਤੌਰ ਮੰਤਰੀ ਜੂਨ 2024 'ਚ ਉਨ੍ਹਾਂ ਦਾ ਜ਼ੀਰਕਪੁਰ ਦੇ ਇਕ ਨਾਮੀ ਪਰਿਵਾਰ 'ਚ ਵਿਆਹ ਵੀ ਹੋਇਆ ਸੀ |

ਪਿਛਲੀ ਖ਼ਬਰ ਇਜਲਾਸ 'ਚ ਟਰੰਪ ਦੇ ਦਾਅਵਿਆਂ 'ਤੇ ਸਪੱਸ਼ਟੀਕਰਨ ਦੇਣ ਪ੍ਰਧਾਨ ਮੰਤਰੀ-ਕਾਂਗਰਸ ਅਗਲੀ ਖ਼ਬਰ ਡਾ. ਇੰਦਰਬੀਰ ਸਿੰਘ ਨਿੱਜਰ ਦੀ ਅਗਵਾਈ 'ਚ 15 ਮੈਂਬਰੀ ਸਿਲੈਕਟ ਕਮੇਟੀ ਦਾ ਗਠਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।